ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 20 ਅਗਸਤ
ਗਮਾਡਾ ਵੱਲੋਂ ਮੁਹਾਲੀ ਵਿੱਚ ਵਸਾਏ ਜਾ ਰਹੇ ਆਈਟੀ ਸਿਟੀ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਬਾਸ਼ਿੰਦੇ ਕਾਫ਼ੀ ਔਖੇ ਹਨ। ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਸਿੰਘ ਵਧਾਵਨ, ਸੀਨੀਅਰ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸਿੱਧੂ, ਪ੍ਰੈਸ ਸਕੱਤਰ ਯੋਗੇਸ਼ ਮੋਹਨ, ਸਤੀਸ਼ ਗੌੜ, ਹਿਤੇਸ਼ ਸਹਿਗਲ ਅਤੇ ਹੋਰਨਾਂ ਵਸਨੀਕਾਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਬੱਤੀ ਗੁੱਲ ਹੋ ਗਈ ਸੀ ਅਤੇ ਉਹ ਸਾਰੀ ਰਾਤ ਖੱਜਲ-ਖੁਆਰ ਹੁੰਦੇ ਰਹੇ। ਅੱਜ ਦੂਜੇ ਦਿਨ ਬਾਅਦ ਦੁਪਹਿਰ ਡੇਢ ਵਜੇ ਬਿਜਲੀ ਸਪਲਾਈ ਬਹਾਲ ਹੋ ਸਕੀ। ਉਨ੍ਹਾਂ ਦੱਸਿਆ ਕਿ ਵੀਰਵਾਰ ਰਾਤ ਸਮੇਂ ਵੀ 8 ਵਜੇ ਬੱਤੀ ਗੁੱਲ ਹੋ ਗਈ ਸੀ ਅਤੇ ਅੱਧੀ ਰਾਤ ਤੋਂ ਬਾਅਦ ਕਰੀਬ ਡੇਢ ਵਜੇ ਬਿਜਲੀ ਆਈ। ਅਤਿ ਦੀ ਗਰਮੀ ਵਿੱਚ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ। ਹੁਣ ਇਹ ਮਾਮਲਾ ਪੁੱਡਾ ਮੰਤਰੀ ਅਮਨ ਅਰੋੜਾ ਕੋਲ ਪਹੁੰਚ ਗਿਆ ਹੈ ਅਤੇ ਪੀੜਤ ਲੋਕਾਂ ਨੇ ਕੈਬਨਿਟ ਮੰਤਰੀ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦੀ ਗੁਹਾਰ ਲਾਈ ਹੈ।
ਆਈਟੀ ਸਿਟੀ ਦੇ ਵਸਨੀਕਾਂ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਗਮਾਡਾ ਨੇ ਲੋਕਾਂ ਨੂੰ ਸਿੰਘਾਪੁਰ ਦੀ ਤਰਜ਼ ’ਤੇ ਆਈਟੀ ਸਿਟੀ ਵਸਾਉਣ ਦਾ ਭਰੋਸਾ ਦਿੱਤਾ ਸੀ। ਇੱਥੇ ਬਿਜਲੀ ਦੀ ਵੱਡੀ ਸਮੱਸਿਆ ਹੈ, ਸੀਵਰੇਜ ਵੀ ਬੰਦ ਰਹਿੰਦਾ ਹੈ, ਸੜਕਾਂ ਵੀ ਪੂਰੀਆਂ ਨਹੀਂ ਬਣੀਆਂ ਅਤੇ ਸਟਰੀਟ ਲਾਈਟਾਂ ਵੀ ਨਹੀਂ ਹਨ। ਵਸਨੀਕਾਂ ਨੇ ਦੱਸਿਆ ਕਿ ਗਮਾਡਾ ਨੇ ਪ੍ਰਾਈਵੇਟ ਕੰਪਨੀ ਤੋਂ ਆਈਟੀ ਸਿਟੀ ਵਿਕਸਤ ਕਰਵਾਈ ਸੀ। ਬੱਤੀ ਗੁੱਲ ਹੋਣ ’ਤੇ ਸ਼ਾਮ 6 ਵਜੇ ਤੋਂ ਬਾਅਦ ਪਾਵਰਕੌਮ ਦੇ ਸ਼ਿਕਾਇਤਘਰ ਵਿੱਚ ਕੋਈ ਫੋਨ ਤੱਕ ਨਹੀਂ ਚੁੱਕਦਾ।
ਇਸੇ ਦੌਰਾਨ ਬੱਤੀ ਗੁੱਲ ਹੋਣ ਸਬੰਧੀ ਪਾਵਰਕੌਮ ਦੇ ਐੱਸਈ ਅਤੇ ਐਕਸੀਅਨ ਨੇ ਦੱਸਿਆ ਕਿ ਸਟਾਫ਼ ਦੀ ਘਾਟ ਕਾਰਨ ਦਿੱਕਤਾਂ ਆ ਰਹੀਆਂ ਹਨ।
ਵਿਧਾਇਕ ਦੀਆਂ ਹਦਾਇਤਾਂ ਦੇ ਬਾਵਜੂਦ ਸਮੱਸਿਆਵਾਂ ਬਰਕਰਾਰ
ਪੀੜਤ ਲੋਕਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਆਈਟੀ ਸਿਟੀ ਦੇ ਵਸਨੀਕਾਂ ਦਾ ਵਫ਼ਦ ਵਿਧਾਇਕ ਕੁਲਵੰਤ ਸਿੰਘ ਨੂੰ ਮਿਲਿਆ ਸੀ ਅਤੇ ਉਨ੍ਹਾਂ ਨੇ ਮੌਕੇ ’ਤੇ ਹੀ ਗਮਾਡਾ ਦੇ ਚੀਫ਼ ਇੰਜਨੀਅਰ ਨੂੰ ਫੋਨ ਕਰਕੇ ਸਮੱਸਿਆਵਾਂ ਹੱਲ ਕਰਨ ਲਈ ਕਿਹਾ ਸੀ। ਇਸੇ ਦੌਰਾਨ ਆਈਟੀ ਸਿਟੀ ਦੇ ਵਸਨੀਕਾਂ ਨੇ ਦੱਸਿਆ ਕਿ ਸਮੱਸਿਆਵਾਂ ਹੱਲ ਕਰਨ ਲਈ ਠੋਸ ਕਾਰਵਾਈ ਨਹੀਂ ਹੋਈ।