ਲਾਲੜੂ (ਸਰਬਜੀਤ ਸਿੰਘ ਭੱਟੀ): ਪਿੰਡ ਮਗਰਾ ’ਚ ਅੱਜ 14 ਏਕੜ ਪੱਕੀ ਕਣਕ ਦੇ ਖੇਤਾਂ ’ਚ ਅੱਗ ਲੱਗਣ ਕਾਰਨ ਖੜੀ ਫਸਲ ਸੜ ਕੇ ਸੁਆਹ ਹੋ ਗਈ। ਕਿਸਾਨਾਂ ਨੇ ਅੱਗ ਲੱਗਣ ਦਾ ਕਾਰਨ ਬਿਜਲੀ ਦੇ ਟਰਾਂਸਫਾਰਮਰ ਤੋਂ ਨਿਕਲਣ ਵਾਲੇ ਚੰਗਿਆੜੇ ਦੱਸਿਆ ਹੈ। ਫਾਇਰ ਬ੍ਰਿਗੇਡ ਡੇਰਾਬਸੀ ਤੋਂ ਪੁੱਜੀਆਂ ਦੋ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਮੁਤਾਬਿਕ ਮਗਰਾ-ਬਸੀ ਸੜਕ ’ਤੇ ਕਰੀਬ 14 ਏਕੜ ਰਕਬੇ ’ਚ ਖੜ੍ਹੀ ਕਣਕ ਦੀ ਫਸਲ ਵਿੱਚ ਖੇਤਾਂ ’ਚ ਰੱਖੇ ਬਿਜਲੀ ਦੇ ਟਰਾਂਸਫਾਰਮਰ ਤੋਂ ਅਚਾਨਕ ਸਪਾਰਕਿੰਗ ਹੋਣ ਤੋਂ ਬਾਅਦ ਅੱਗ ਲੱਗ ਗਈ। ਇਸ ਘਟਨਾ ’ਚ ਪਿੰਡ ਮਗਰਾ ਨਿਵਾਸੀ ਧਰਮਪਾਲ ਦੀ 2 ਏਕੜ, ਧੂਮ ਸਿੰਘ ਦੀ 4 ਏਕੜ, ਬਿਕਰਮ ਸਿੰਘ ਦੀ 2 ਏਕੜ, ਮੋਹਿਤ ਦੀ 4 ਏਕੜ, ਦਵਿੰਦਰ ਸਿੰਘ ਦੀ 2 ਏਕੜ, ਰਵੀ ਦੀ ਇਕ ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ਾ ਮੰਗਿਆ ਹੈ। ਪੁਲੀਸ ਨੇ ਰਿਪੋਰਟ ਦਰਜ ਕਰ ਲਈ ਹੈ।