ਮੁਕੇਸ਼ ਕੁਮਾਰ
ਚੰਡੀਗੜ੍ਹ, 1 ਅਕਤੂਬਰ
ਚੰਡੀਗੜ੍ਹ ਨੇ ਇਸ ਸਾਲ ਹੋਏ ‘ਸਵੱਛ ਸਰਵੇਖਣ-2022’ ਵਿੱਚ ਦੇਸ਼ ਭਰ ਵਿੱਚੋਂ 12ਵਾਂ ਰੈਂਕ ਹਾਸਲ ਕੀਤਾ ਹੈ। ਚੰਡੀਗੜ੍ਹ ਸ਼ਹਿਰ ਨੂੰ ਪਿਛਲੇ ਸਾਲ ਦੇ ਸਵੱਛ ਸਰਵੇਖਣ ਵਿੱਚ 66ਵਾਂ ਰੈਂਕ ਮਿਲਿਆ ਸੀ। ਇਸ ਤੋਂ ਇਲਾਵਾ ਚੰਡੀਗੜ੍ਹ ਸ਼ਹਿਰ ਨੂੰ ਦੇਸ਼ ਵਿੱਚ ਸਭ ਤੋਂ ਤੇਜ਼ੀ ਨਾਲ ਤਰੱਕੀ ਕਰਨ ਵਾਲੀ ਰਾਜਧਾਨੀ ਵਜੋਂ ਵੀ ਚੁਣਿਆ ਗਿਆ। ਕੇਂਦਰ ਸਰਕਾਰ ਵੱਲੋਂ ਸਵਿੱਛ ਭਾਰਤ ਮਿਸ਼ਨ ਤਹਿਤ 4354 ਸ਼ਹਿਰਾਂ ਵਿੱਚ ਕੀਤੇ ਗਏ ਸਰਵੇਖਣ ਦੇ ਨਤੀਜਿਆਂ ਦਾ ਐਲਾਨ ਅੱਜ ਦਿੱਲੀ ਸਥਿਤ ਤਾਲਕਟੋਰਾ ਸਟੇਡੀਅਮ ਵਿੱਚ ਕੀਤੇ ਗਏ ਸਮਾਗਮ ਦੌਰਾਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੀਤੀ ਅਤੇ ਬਾਅਦ ਵਿੱਚ ਕੇਂਦਰੀ ਰਿਹਾਇਸ਼ੀ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਰਾਜ ਮੰਤਰੀ ਕੌਸ਼ਲ ਕਿਸ਼ੋਰ ਨੇ ‘ਸਵੱਛ ਸਰਵੇਖਣ-2022’ ਦੇ ਜੇਤੂਆਂ ਨੂੰ ਇਨਾਮ ਵੰਡੇ। ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਢਿੱਲੋਂ ਤੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਇਹ ਐਵਾਰਡ ਹਾਸਿਲ ਕੀਤਾ। ਚੰਡੀਗੜ੍ਹ ਜਿਸ ਨੂੰ ਦੇਸ਼ ਦੇ ਸਭ ਤੋਂ ਵਧੀਆ ਯੋਜਨਾਬੱਧ ਅਤੇ ਸੁੰਦਰ ਸ਼ਹਿਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਨੇ ਸਵੱਛ ਸਰਵੇਖਣ-2021 ਵਿੱਚ ਆਪਣੇ 66ਵੇਂ ਸਥਾਨ ਦੀ ਰੈਂਕਿੰਗ ਸੁਧਾਰਦਿਆਂ ਇਸ ਸਾਲ ਹੋਏ ਸਵੱਛ ਸਰਵੇਖਣ ਵਿੱਚ 12ਵਾਂ ਸਥਾਨ ਹਾਸਲ ਕੀਤਾ ਹੈ।
ਇਸ ਸ਼ਾਨਦਾਰ ਪ੍ਰਾਪਤੀ ‘ਤੇ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਅੱਜ ਇਹ ਸਾਰੇ ਚੰਡੀਗੜ੍ਹ ਵਾਸੀਆਂ, ਨਿਗਮ ਅਧਿਕਾਰੀਆਂ ਤੇ ਕੌਂਸਲਰਾਂ ਲਈ ਮਾਣ ਵਾਲੀ ਗੱਲ ਹੈ, ਜਿਨ੍ਹਾਂ ਨੇ ਚੰਡੀਗੜ੍ਹ ਨੂੰ ਇੱਕ ਸੁੰਦਰ ਸ਼ਹਿਰ ਵਜੋਂ ਆਪਣੀ ਪਛਾਣ ਬਣਾਉਣ ਲਈ ਰਲ ਮਿਲ ਕੇ ਕੰਮ ਕੀਤਾ ਹੈ। ਮੇਅਰ ਨੇ ਕਮਿਸ਼ਨਰ ਅਨਿੰਦਿਤਾ ਮਿਤਰਾ ਦੀ ਅਗਵਾਈ ਹੇਠ ਨਿਗਮ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਲੋਕਾਂ ਨੂੰ ਸ਼ਹਿਰ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖਣ ਲਈ ਅੱਗੇ ਵੀ ਇਸੇ ਤਰ੍ਹਾਂ ਕਾਰਜਸ਼ੀਲ ਰਹਿਣ ਦੀ ਅਪੀਲ ਕੀਤੀ। ਦਿੱਲੀ ਵਿੱਚ ਇਹ ਐਵਾਰਡ ਹਾਸਲ ਕਰਨ ਤੋਂ ਬਾਅਦ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨ ਅਤੇ ਸਫ਼ਾਈ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਬਾਰੇ ਰਿਪੋਰਟ ਕਰਨ ਅਤੇ ‘ਸਵੱਛਤਾ-ਮੋਹੂ’ ਐਪ ’ਤੇ ਫੀਡਬੈਕ ਦੇਣ ਲਈ, ਨਗਰ ਨਿਗਮ ਨੇ ਸਾਰੇ ਹਿੱਸੇਦਾਰਾਂ ਜਿਵੇਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਮਾਰਕੀਟ ਵੈਲਫੇਅਰ ਐਸੋਸੀਏਸ਼ਨ ਨੂੰ ਵੀ ਸ਼ਾਮਲ ਕੀਤਾ ਅਤੇ ਸਰਕਾਰੀ ਅਦਾਰਿਆਂ ਸਮੇਤ ਪ੍ਰਾਈਵੇਟ ਸੰਸਥਾਵਾਂ, ਖਾਸ ਕਰਕੇ ਸ਼ਹਿਰ ਦੇ ਨੌਜਵਾਨਾਂ ਨੇ ਸਫਾਈ ਪ੍ਰਤੀ ਫੀਡਬੈਕ ਦੇ ਮਹੱਤਤਾ ਨੂੰ ਲੈ ਕੇ ਪੇਸ਼ਕਾਰੀਆਂ ਦਿੱਤੀਆਂ।
ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸ਼ਮੂਲੀਅਤ ਤੋਂ ਬਿਨਾਂ ਇਹ ਕੰਮ ਸੰਭਵ ਨਹੀਂ ਹੈ। ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਉਹ ਚੰਡੀਗੜ੍ਹ ਸ਼ਹਿਰ ਨੂੰ ਸਫਾਈ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚ ਪਹਿਲੇ ਨੰਬਰ ‘ਤੇ ਲਿਆਉਣ ਲਈ ਯਤਨਸ਼ੀਲ ਹੈ।