ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 8 ਸਤੰਬਰ
ਇਥੋਂ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਦੇ ਦਾਖਲਿਆਂ ਲਈ ਦੂਜੀ ਕਾਊਂਸਲਿੰਗ ਕਰੋਨਾ ਕਾਰਨ ਲਟਕਣ ਦੇ ਆਸਾਰ ਹਨ। ਸਰਕਾਰੀ ਸਕੂਲਾਂ ਵਿਚ ਇਸ ਵੇਲੇ 2200 ਦੇ ਕਰੀਬ ਖਾਲੀ ਸੀਟਾਂ ਹਨ ਜਿਸ ਲਈ ਕਾਊਂਸਲਿੰਗ 12 ਸਤੰਬਰ ਨੂੰ ਹੋਣੀ ਸੀ ਪਰ ਪਿਛਲੇ ਕੁਝ ਦਿਨਾਂ ਵਿਚ 14 ਅਧਿਕਾਰੀ ਤੇ ਮੁਲਾਜ਼ਮ ਕਰੋਨਾ ਪਾਜ਼ੇਟਿਵ ਆ ਚੁੱਕੇ ਹਨ ਜਿਸ ਕਾਰਨ ਇਸ ਕਾਊਂਸਲਿੰਗ ਲਈ ਅੱਜ ਹੋਣ ਵਾਲੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ 40 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ 12800 ਦੇ ਕਰੀਬ ਸੀਟਾਂ ਸਨ ਜਿਸ ਵਿਚੋਂ 10600 ਸੀਟਾਂ ਪਹਿਲੀ ਕਾਊਂਸਲਿੰਗ ਦੌਰਾਨ ਹੀ ਭਰ ਗਈਆਂ ਸਨ। ਵਿਭਾਗ ਨੇ ਕਾਊਂਸਲਿੰਗ ਲਈ ਪਹਿਲਾਂ 2 ਸਤੰਬਰ ਨੂੰ ਮੀਟਿੰਗ ਕਰਨੀ ਸੀ ਪਰ 31 ਅਗਸਤ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੀ ਪੀਏ ਸੁਨੀਤਾ ਕਰੋਨਾ ਪਾਜ਼ੇਟਿਵ ਆ ਗਈ। 3 ਸਤਬੰਰ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਹਰਬੀਰ ਆਨੰਦ ਦੀ ਮੌਤ ਹੋ ਗਈ। ਇਸ ਤੋਂ ਬਾਅਦ 6 ਸਤੰਬਰ ਨੂੰ ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਤੇ ਡਿਪਟੀ ਡਾਇਰੈਕਟਰ ਰਾਜਿੰਦਰ ਕੌਰ ਪਾਜ਼ੇਟਿਵ ਆ ਗਏ ਤੇ 7 ਸਤੰਬਰ ਨੂੰ 10 ਹੋਰ ਮੁਲਾਜ਼ਮ ਪਾਜ਼ੇਟਿਵ ਆਉਣ ਕਾਰਨ ਮੀਟਿੰਗਾਂ ਦਾ ਦੌਰ ਰੁਕ ਗਿਆ। ਇਸ ਤੋਂ ਇਲਾਵਾ ਦੋ ਦਿਨਾਂ ਲਈ ਜ਼ਿਲ੍ਹਾ ਸਿੱਖਿਆ ਦਫਤਰ ਵੀ ਬੰਦ ਕਰ ਦਿੱਤਾ ਗਿਆ। ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਅਧਿਕਾਰੀਆਂ ਨੇ ਸਕੱਤਰੇਤ ਵਿਚ ਕੁਝ ਦਿਨਾਂ ਲਈ ਫਾਈਲਾਂ ‘ਤੇ ਸਹੀ ਪਾਉਣ ਤੋਂ ਵੀ ਟਾਲਾ ਵੱਟ ਲਿਆ ਹੈ।
ਮਾਈਗਰੇਸ਼ਨ ਕਰਵਾਉਣ ਬਾਰੇ ਨਹੀਂ ਹੋਇਆ ਫੈਸਲਾ
ਕਰੋਨਾ ਕਾਰਨ ਮਾਈਗਰੇਸ਼ਨ ਕਰਵਾਉਣ ਬਾਰੇ ਵੀ ਹਾਲੇ ਫੈਸਲਾ ਨਹੀਂ ਹੋਇਆ। ਇਹ ਵੀ ਪਤਾ ਲੱਗਾ ਹੈ ਕਿ ਵੱਡੀ ਗਿਣਤੀ ਵਿਦਿਆਰਥੀਆਂ ਨੇ ਇਕ ਸਰਕਾਰੀ ਸਕੂਲ ਤੋਂ ਦੂਜੇ ਸਰਕਾਰੀ ਸਕੂਲ ਜਾਣ ਦੀ ਦਰਖਾਸਤ ਦਿੱਤੀ ਹੋਈ ਹੈ। ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਈਗਰੇਸ਼ਨ ਕਰਨ ਜਾਂ ਨਾ ਕਰਨ ਬਾਰੇ ਦੂਜੀ ਕਾਊਂਸਲਿੰਗ ਤੋਂ ਬਾਅਦ ਫੈਸਲਾ ਕੀਤਾ ਜਾਵੇਗਾ।
ਕਰੋਨਾ ਜਾਂਚ ਕਰਵਾਉਣ ਤੋਂ ਨਾਂਹ
ਯੂਟੀ ਦੇ ਸਿੱਖਿਆ ਵਿਭਾਗ ਵਿਚ ਕਰੋਨਾ ਦਾ ਇੰਨਾ ਸਹਿਮ ਫੈਲ ਗਿਆ ਹੈ ਕਿ ਅੱਜ 33 ਮੁਲਾਜ਼ਮਾਂ ਨੇ ਕਰੋਨਾ ਦੀ ਜਾਂਚ ਕਰਵਾਉਣ ਤੋਂ ਹੀ ਨਾਂਹ ਕਰ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਕਰੋਨਾ ਦੀ ਜਾਂਚ ਕਰਵਾਉਣਾ ਜ਼ਰੂਰੀ ਹੈ ਤਾਂ ਹੀ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਆਪ ਜਾਂਚ ਲਈ ਅੱਗੇ ਆਉਣ।