ਮੁਕੇਸ਼ ਕੁਮਾਰ
ਚੰਡੀਗੜ੍ਹ, 16 ਅਕਤੂਬਰ
ਨਗਰ ਨਿਗਮ ਚੰਡੀਗੜ੍ਹ ਨੇ ਅੱਜ ਇੱਥੋਂ ਦੇ ਪਿੰਡ ਡੱਡੂਮਾਜਰਾ ਵਿੱਚ 14 ਕਨਾਲ 16 ਮਰਲੇ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ। ਨਗਰ ਨਿਗਮ ਦੇ ਇੰਜਨੀਅਰਿੰਗ ਵਿੰਗ ਅਤੇ ਅਸਟੇਟ ਸ਼ਾਖਾ ਸਮੇਤ ਨਿਗਮ ਦੀ ਐਨਫੋਰਸਮੈਂਟ ਟੀਮ ਨੇ ਪੁਲੀਸ ਫੋਰਸ ਦੀ ਮਦਦ ਨਾਲ ਇਸ ਜ਼ਮੀਨ ਨੂੰ ਖਾਲੀ ਕਰਵਾ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ।
ਇਹ ਜ਼ਮੀਨ ਪਹਿਲਾਂ ਵਾਲੀ ਗ੍ਰਾਮ ਪੰਚਾਇਤ ਦੀ ਸੀ ਅਤੇ ਇਸ ਜ਼ਮੀਨ ’ਤੇ ਕੁਝ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਜ਼ਿਕਰਯੋਗ ਹੈ ਕਿ ਪਿੰਡਾਂ ਦਾ ਨਗਰ ਨਿਗਮ ਵਿੱਚ ਰਲੇਵਾਂ ਹੋਣ ਤੋਂ ਬਾਅਦ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਸਾਰੀਆਂ ਜਾਇਦਾਦਾਂ ਨਗਰ ਨਿਗਮ ਅਧੀਨ ਆ ਗਈਆਂ ਸਨ। ਪ੍ਰਸ਼ਾਸਨ ਵੱਲੋਂ ਗ੍ਰਾਮ ਪੰਚਾਇਤ ਦੀ ਜ਼ਮੀਨ ਦਾ ਇੰਤਕਾਲ ਨਗਰ ਨਿਗਮ ਦੇ ਹੱਕ ਵਿੱਚ ਕੀਤਾ ਗਿਆ ਸੀ।
ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਤੋਂ ਮਿਲੇ ਲੋੜੀਂਦੇ ਨਿਰਦੇਸ਼ਾਂ ਤੋਂ ਬਾਅਦ ਨਿਗਮ ਦੀ ਟੀਮ ਨੇ ਇੱਥੇ ਪਿੰਡ ਡੱਡੂਮਾਜਰਾ ’ਚ ਇਸ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਇੱਥੇ ਕੀਤੇ ਆਰਜ਼ੀ ਕਬਜ਼ੇ ਹਟਾ ਕੇ ਨਿਗਮ ਦੀ ਜ਼ਮੀਨ ਦੁਆਲੇ ਵਾੜ ਲਗਾ ਦਿੱਤੀ ਗਈ। ਇਸ ਦੇ ਨਾਲ ਹੀ ਨਿਗਮ ਦੀ ਟੀਮ ਨੇ ਇੱਥੇ ਆਪਣੀ ਇਸ ਜ਼ਮੀਨ ’ਤੇ ਚਿਤਾਵਨੀ ਬੋਰਡ ਵੀ ਲਗਾ ਦਿੱਤਾ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਇਹ ਜ਼ਮੀਨ ਨਗਰ ਨਿਗਮ ਚੰਡੀਗੜ੍ਹ ਦੀ ਹੈ। ਨਿਗਮ ਅਨੁਸਾਰ ਅੱਜ ਕਬਜ਼ਾ ਮੁਕਤ ਕੀਤੀ ਗਈ ਜ਼ਮੀਨ ਦੀ ਕੀਮਤ ਲਗਪਗ ਦਸ ਕਰੋੜ ਰੁਪਏ ਹੈ।
ਦੱਸਣਯੋਗ ਹੈ ਕਿ ਡੱਡੂਮਾਜਰਾ-ਤੋਗਾ ਰੋਡ ’ਤੇ ਸਥਿਤ ਇਸ ਪ੍ਰਮੁੱਖ ਜ਼ਮੀਨ ’ਤੇ ਕਬਾੜ ਡੀਲਰਾਂ ਨੇ ਕਬਜ਼ਾ ਕੀਤਾ ਹੋਇਆ ਹੈ। ਨਗਰ ਨਿਗਮ ਵਲੋਂ ਸ਼ਹਿਰ ਦੇ ਹੋਰ ਪੁਰਾਣੇ ਪਿੰਡਾਂ ਖੁੱਡਾ ਅਲੀ ਸ਼ੇਰ, ਖੁੱਡਾ ਲਾਹੌਰਾ, ਕੈਂਬਵਾਲਾ ਅਤੇ ਹੱਲੋਮਾਜਰਾ ਵਿੱਚ ਹੋਰ ਗ੍ਰਾਮ ਪੰਚਾਇਤ ਜ਼ਮੀਨਾਂ ਦਾ ਕਬਜ਼ਾ ਲੈਣ ਦੀ ਪ੍ਰਕਿਰਿਆ ਜਾਰੀ ਹੈ।
ਪਾਰਕਿੰਗ ਠੇਕੇ ਦੀ ਕਿਸ਼ਤ ਦਾ ਚੈੱਕ ਬਾਊਂਸ ਹੋਣ ’ਤੇ ਕੇਸ ਦਰਜ
ਪੇਡ ਪਾਰਕਿੰਗ ਦੀ ਸੰਚਾਲਕ ਕੰਪਨੀ ਵੱਲੋਂ ਨਿਗਮ ਨੂੰ ਪਾਰਕਿੰਗ ਠੇਕੇ ਦੀ ਲਾਇਸੈਂਸ ਫੀਸ ਦੀ ਕਿਸ਼ਤ ਦਾ ਜਮ੍ਹਾਂ ਕਰਵਾਇਆ ਗਿਆ ਚੈੱਕ ਬਾਊਂਸ ਹੋ ਜਾਣ ਕਾਰਨ ਚੰਡੀਗੜ੍ਹ ਨਗਰ ਨਿਗਮ ਨੇ ਪੁਲੀਸ ਵਿੱਚ ਐਫਆਈਆਰ ਦਰਜ ਕਰਵਾਈ ਹੈ। ਨਗਰ ਨਿਗਮ ਦੇ ਐੱਸਡੀਈ ਜਗਦੀਪ ਸਿੰਘ ਦੀ ਸ਼ਿਕਾਇਤ ’ਤੇ ਮੈਸਰਜ਼ ਆਰੀਆ ਟੌਲ ਇੰਫਰਾ ਦੇ ਸੁਨੀਲ ਚੰਦਰ ਲਾਲ ਪੁਰਸਵਾਨੀ ਖ਼ਿਲਾਫ਼ ਇੱਥੇ ਸੈਕਟਰ 17 ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਸ਼ਿਕਾਇਤ ਮੁਤਾਬਕ ਨਗਰ ਨਿਗਮ ਵੱਲੋਂ 16 ਜੂਨ 2017 ਨੂੰ ਮੈਸਰਜ਼ ਆਰੀਆ ਟੌਲ ਇੰਫਰਾ ਨੂੰ ਚੰਡੀਗੜ੍ਹ ਵਿੱਚ 25 ਪੇਡ ਪਾਰਕਿੰਗ ਸਾਈਟਾਂ ਅਤੇ ਇੱਕ ਮਲਟੀ ਲੈਵਲ ਪਾਰਕਿੰਗ ਦਾ ਕੰਮ ਅਲਾਟ ਕੀਤਾ ਸੀ। ਕੰਪਨੀ ਵੱਲੋਂ ਠੇਕੇ ਦੀ ਲਾਇਸੈਂਸ ਫੀਸ ਦੀ ਸੱਤਵੀਂ ਕਿਸ਼ਤ 3 ਕਰੋੜ 69 ਲੱਖ 50 ਹਜ਼ਾਰ ਰੁਪਏ 19 ਦਸੰਬਰ 2018 ਤੋਂ ਬਕਾਇਆ ਸੀ ਜਿਸ ਨੂੰ ਲੈ ਕੇ ਠੇਕੇਦਾਰ ਕੰਪਨੀ ਨੂੰ ਬਕਾਇਦਾ ਰਿਮਾਈਂਡਰ ਨੋਟਿਸ ਭੇਜ ਕੇ ਬਕਾਇਆ ਰਕਮ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਤੋਂ ਬਾਅਦ ਠੇਕੇਦਾਰ ਕੰਪਨੀ ਨੇ ਨਗਰ ਨਿਗਮ ਕੋਲ 3 ਕਰੋੜ 69 ਲੱਖ ਰੁਪਏ ਦਾ ਚੈੱਕ ਜਮ੍ਹਾਂ ਕਰਵਾ ਦਿੱਤਾ ਸੀ, ਜਿਸ ਨੂੰ ਨਗਰ ਨਿਗਮ ਵੱਲੋਂ ਖਾਤੇ ਵਿੱਚ ਪੇਸ਼ ਕਰਨ ਤੋਂ ਬਾਅਦ ਬੈਂਕ ਨੇ ਰੱਦ ਕਰ ਦਿੱਤਾ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।