ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 12 ਸਤੰਬਰ
ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦੀ ਜੂਹ ਵਿੱਚ ਪਿੰਡ ਝਿਊਰਹੇੜੀ ਦੇ ਗੰਦੇ ਪਾਣੀ ਦੀ ਨਿਕਾਸੀ ਦੌਰਾਨ ਅੱਜ ਜੇਸੀਬੀ ਮਸ਼ੀਨ ਟੋਭੇ ਵਿੱਚ ਡਿੱਗ ਗਈ। ਜਿਸ ਕਾਰਨ ਜੇਸੀਬੀ ਦੇ ਚਾਲਕ ਸਮੇਤ ਦੋ ਨਾਬਾਲਗ ਲੜਕੇ ਪਾਣੀ ਵਿੱਚ ਡੁੱਬ ਗਏ। ਹਾਲਾਂਕਿ ਪਿੰਡ ਵਾਸੀਆਂ ਨੇ ਫੁਰਤੀ ਤੋਂ ਕੰਮ ਲੈਂਦਿਆਂ ਉਨ੍ਹਾਂ ਨੂੰ ਬਾਹਰ ਤਾਂ ਕੱਢ ਲਿਆ ਗਿਆ ਪਰ ਬੱਚਿਆਂ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ। ਦੋਵੇਂ ਬੱਚਿਆਂ ਰਮਨਪ੍ਰੀਤ ਸਿੰਘ (11) ਤੇ ਪ੍ਰਭਲੀਨ ਸਿੰਘ (8) ਨੂੰ ਫੋਰਟਿਸ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਜਦੋਂਕਿ ਚਾਲਕ ਮੈਕਸ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਝਿਊਰਹੇੜੀ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਉਚਿੱਤ ਪ੍ਰਬੰਧ ਨਹੀਂ ਹੈ। ਮੀਂਹ ਪੈਣ ਕਾਰਨ ਟੋਭੇ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਕਈ ਲੋਕਾਂ ਦੇ ਘਰਾਂ ਵਿੱਚ ਜਾਣਾ ਸ਼ੁਰੂ ਹੋ ਗਿਆ ਸੀ। ਪਿੰਡ ਕਾਸੀ ਕਾਫ਼ੀ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਪਿੰਡ ਵਾਸੀ ਨਰਾਤਾ ਸਿੰਘ ਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਗਰਾਮ ਪੰਚਾਇਤ ਦੀ ਕਥਿਤ ਨਾਲਾਇਕੀ ਕਾਰਨ ਵਾਪਰਿਆ ਹੈ ਅਤੇ ਠੇਕੇਦਾਰ ਵੀ ਬਰਾਬਰ ਦਾ ਜ਼ਿੰਮੇਵਾਰ ਹੈ। ਉਨ੍ਹਾਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਪਾਣੀ ਦੀ ਨਿਕਾਸੀ ਵਾਲਾ ਲਾਂਘਾ (ਪੁਲੀ) ਬੰਦ ਕਰ ਦਿੱਤੀ ਗਈ ਹੈ ਤੇ ਹੁਣ ਕੋਈ ਜ਼ਿਮੀਂਦਾਰ ਵੀ ਆਪਣੇ ਖੇਤਾਂ ’ਚੋਂ ਗੰਦਾ ਪਾਣੀ ਲੰਘਣ ਨਹੀਂ ਦਿੰਦਾ।
ਅੱਜ ਜੇਸੀਬੀ ਮਸ਼ੀਨ ਲਗਾ ਕੇ ਗੰਦੇ ਪਾਣੀ ਦੀ ਨਿਕਾਸੀ ਦਾ ਆਰਜ਼ੀ ਪ੍ਰਬੰਧ ਕੀਤਾ ਜਾ ਰਿਹਾ ਸੀ ਕਿ ਜੇਸੀਬੀ ਮਸ਼ੀਨ ਗੰਦੇ ਪਾਣੀ ਦੇ ਟੋਭੇ ’ਚ ਡਿੱਗ ਗਈ। ਜੇਸੀਬੀ ਚਾਲਕ ਨਾਲ ਸਾਈਡ ’ਤੇ ਬੈਠੇ ਦੋ ਬੱਚੇ ਵੀ ਪਾਣੀ ਵਿੱਚ ਡੁੱਬ ਗਏ। ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਟੋਭੇ ’ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਦੋਵੇਂ ਬੱਚਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪਾਣੀ ਦੀ ਨਿਕਾਸੀ ਲਈ ਲਾਈ ਸੀ ਜੇਸੀਬੀ: ਸਰਪੰਚ
ਪਿੰਡ ਝਿਊਰਹੇੜੀ ਦੇ ਸਰਪੰਚ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਸੰਤ ਸੀਚੇਵਾਲ ਮਾਡਲ ਅਪਣਾਇਆ ਗਿਆ ਹੈ ਤੇ ਗੰਦੇ ਪਾਣੀ ਤੇ ਟੋਭਿਆ ਦੀ ਸਫ਼ਾਈ ਦਾ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਜਿੰਮ ਲਗਾਉਣ ਲਈ ਖੁਦਾਈ ਦਾ ਕੰਮ ਕੀਤਾ ਜਾ ਰਿਹਾ ਸੀ ਕਿ ਅਚਾਨਕ ਮੀਂਹ ਪੈਣ ਕਾਰਨ ਖੱਡਿਆਂ ਵਿੱਚ ਪਾਣੀ ਭਰ ਗਿਆ। ਅੱਜ ਜੇਸੀਬੀ ਮਸ਼ੀਨ ਲਗਾ ਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ ਪਰ ਅਚਾਨਕ ਜੇਸੀਬੀ ਮਸ਼ੀਨ ਟੋਭੇ ’ਚ ਡਿੱਗ ਗਈ ਤੇ ਚਾਲਕ ਸਮੇਤ ਦੋ ਬੱਚੇ ਵੀ ਪਾਣੀ ਵਿੱਚ ਡਿੱਗ ਪਏ। ਜਿਨ੍ਹਾਂ ਨੂੰ ਤੁਰੰਤ ਬਾਹਰ ਕੱਢ ਕੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਹਾਦਸੇ ਸਬੰਧੀ ਸ਼ਿਕਾਇਤ ਨਹੀਂ ਆਈ: ਐੱਸਐੱਚਓ
ਸੋਹਾਣਾ ਥਾਣਾ ਦੇ ਐੱਸਐੱਚਓ ਭਗਵੰਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਪਰ ਹਾਲੇ ਤੱਕ ਪੀੜਤ ਪਰਿਵਾਰ ਜਾਂ ਹੋਰ ਕਿਸੇ ਵਿਅਕਤੀ ਕਿਸੇ ਵਿਰੁੱਧ ਕੋਈ ਸ਼ਿਕਾਇਤ ਨਹੀਂ ਆਈ।
ਕੈਪਸ਼ਨ: ਝਿਊਰਹੇੜੀ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੌਰਾਨ ਟੋਭੇ ਵਿੱਚ ਡਿੱਗੀ ਹੋਈ ਜੇਸੀਬੀ ਮਸ਼ੀਨ।