ਮਿਹਰ ਸਿੰਘ
ਕੁਰਾਲੀ, 11 ਮਈ
ਕੁਰਾਲੀ-ਮੋਰਿੰਡਾ ਰੋਡ ’ਤੇ ਥ੍ਰੀ-ਵ੍ਹੀਲਰ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਬੇਕਾਬੂ ਹੋਇਆ ਥ੍ਰੀ-ਵ੍ਹੀਲਰ ਪਲਟ ਗਿਆ ਜਿਸ ਕਾਰਨ ਤਿੰਨ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਰਾਲੀ ਤੋਂ ਮੋਰਿੰਡਾ ਵੱਲ ਜਾ ਰਿਹਾ ਥ੍ਰੀ-ਵ੍ਹੀਲਰ (ਪੀਬੀ 65ਏਵੀ 1385) ਜਿਵੇਂ ਹੀ ਕੁਰਾਲੀ ਬਾਈਪਾਸ ਫਲਾਈਓਵਰ ਦੇ ਹੇਠਾਂ ਪਹੁੰਚਿਆ ਤਾਂ ਰੋਪੜ ਤੋਂ ਖਰੜ ਜਾ ਰਹੀ ਕਾਰ ਨੇ ਟੈਂਪੂ ਨੂੰ ਆਪਣੀ ਲਪੇਟ ਵਿੱਚ ਲੈਂਦਿਆਂ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਟੈਂਪੂ ਸੜਕ ਦੇ ਵਿਚਕਾਰ ਪਲਟ ਗਿਆ। ਇਸ ਹਾਦਸੇ ਵਿੱਚ ਰਮੇਸ਼ ਕੁਮਾਰ, ਦਸਤਕ ਕੁਮਾਰ ਅਤੇ ਇੱਕ ਹੋਰ ਨੌਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਪੁਲੀਸ ਨੇ ਸੂਚਨਾ ਮਿਲਣ ’ਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਾਰ ਵੱਲੋਂ ਮਾਰੀ ਫੇਟ ਕਾਰਨ ਟਰੱਕ ਕਲੀਨਰ ਦੀ ਮੌਤ
ਸ੍ਰੀ ਫ਼ਤਹਿਗੜ੍ਹ ਸਾਹਿਬ (ਅਜੈ ਮਲਹੋਤਰਾ): ਸਰਹਿੰਦ ਨਜ਼ਦੀਕ ਵਾਪਰੇ ਸੜਕ ਹਾਦਸੇ ’ਚ ਟਰੱਕ ਦੇ ਕਲੀਨਰ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮੂ ਪਾਸਵਾਨ ਮੂਲ ਵਾਸੀ ਬਿਹਾਰ ਹਾਲ ਵਾਸੀ ਤਰਖਾਣਮਾਜਰਾ (ਸਰਹਿੰਦ) ਨੇ ਦੱਸਿਆ ਕਿ ਉਸ ਦਾ 21 ਸਾਲਾ ਪੁੱਤਰ ਜੱਸੀ ਪਾਸਵਾਨ ਟਰੱਕ ’ਤੇ ਕਲੀਨਰ ਵਜੋਂ ਕੰਮ ਕਰਦਾ ਸੀ। ਟਰੱਕ ਦਾ ਟਾਇਰ ਪੈਂਚਰ ਹੋ ਜਾਣ ਕਾਰਨ ਬੀਤੀ ਰਾਤ 8.30 ਵਜੇ ਦੇ ਕਰੀਬ ਜੱਸੀ ਤਰਖਾਣਮਾਜਰਾ ਮੇਨ ਸੜਕ ’ਤੇ ਟਰੱਕ ਦਾ ਟਾਇਰ ਖੋਲ੍ਹਣ ਲਈ ਜੈੱਕ ਲਗਾ ਰਿਹਾ ਸੀ। ਇਸੇ ਦੌਰਾਨ ਭਾਦਸੋਂ ਵੱਲੋਂ ਆਈ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜੱਸੀ ਪਾਸਵਾਨ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਅਤੇ ਰਾਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਥਾਣਾ ਸਰਹਿੰਦ ਦੀ ਪੁਲੀਸ ਨੇ ਅਣਪਛਾਤੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ।