ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਨਵੰਬਰ
ਭਾਰਤ ਅੰਤਰਰਾਸ਼ਟਰੀ ਵਪਾਰ ਮੇਲਾ 14 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ ਜੋ ਕਿ 27 ਨਵੰਬਰ ਤੱਕ ਚੱਲੇਗਾ। ਅਜਿਹੇ ’ਚ ਟਿਕਟਾਂ ਦੀ ਬੁਕਿੰਗ ਦੋ ਪੜਾਵਾਂ ’ਚ ਹੋਵੇਗੀ। ਸ਼ੁੱਕਰਵਾਰ ਤੋਂ ਵਪਾਰੀ ਟਿਕਟਾਂ ਖ਼ਰੀਦ ਸਕਣਗੇ।
ਦਿੱਲੀ-ਐੱਨਸੀਆਰ ਦੇ 65 ਮੈਟਰੋ ਸਟੇਸ਼ਨਾਂ ’ਤੇ 15 ਨਵੰਬਰ ਤੋਂ ਆਮ ਜਨਤਾ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਜਾਵੇਗੀ। ਇੰਡੀਅਨ ਟਰੇਡ ਪ੍ਰਮੋਸ਼ਨ ਆਰਗੇਨਾਈਜੇਸ਼ਨ (ਆਈਟੀਪੀਓ) ਦੇ ਸੀਐਮਡੀ ਐਲਸੀ ਗੋਇਲ ਅਨੁਸਾਰ ਵਪਾਰ ਮੇਲੇ ਵਿੱਚ ਰੋਜ਼ਾਨਾ 40,000 ਲੋਕਾਂ ਦੇ ਆਉਣ ਦੀ ਉਮੀਦ ਹੈ। ਵਪਾਰ ਮੇਲੇ ’ਚ ਟਿਕਟਾਂ ਆਨਲਾਈਨ ਅਤੇ ਆਫਲਾਈਨ ਦੋਵੇਂ ਤਰ੍ਹਾਂ ਵੇਚੀਆਂ ਜਾਣਗੀਆਂ। ਇਸ ਵਾਰ ਦਿੱਲੀ-ਐੱਨਸੀਆਰ ਦੇ 65 ਮੈਟਰੋ ਸਟੇਸ਼ਨਾਂ ’ਤੇ ਟਿਕਟਾਂ ਦੀ ਵਿਕਰੀ ਦਾ ਪ੍ਰਬੰਧ ਕੀਤਾ ਗਿਆ ਹੈ।
ਇਨ੍ਹਾਂ ਮੈਟਰੋ ਸਟੇਸ਼ਨਾਂ ਸ਼ਹੀਦ ਸਥਲ (ਗਾਜ਼ੀਆਬਾਦ), ਸ਼ਾਹਦਰਾ, ਦਿਲਸ਼ਾਦ ਗਾਰਡਨ, ਸੀਲਮਪੁਰ, ਸਮੈਪੁਰ, ਆਜ਼ਾਦਪੁਰ, ਸਾਕੇਤ, ਹੁੱਡਾ ਸਿਟੀ ਸੈਂਟਰ, ਕਸ਼ਮੀਰੀ ਗੇਟ, ਦਿੱਲੀ ਗੇਟ, ਆਈ.ਟੀ.ਓ, ਲਾਜਪਤ ਨਗਰ, ਕਾਲਕਾ ਜੀ ਮੰਦਰ, ਬਦਰਪੁਰ ਬਾਰਡਰ, ਰਾਜਾ ਨਹਰ ਸਿੰਘ ਤੋਂ ਟਿਕਟਾਂ ਖਰੀਦੀਆਂ ਜਾ ਸਕਦੀਆਂ ਹਨ। ਰਿੰਗ ਰੋਡ ’ਤੇ ਡੀਟੀਸੀ ਡਿਪੂ ਅਤੇ ਨੈਸ਼ਨਲ ਸਟੇਡੀਅਮ ‘ਚ ਕਾਰ ਪਾਰਕਿੰਗ ਬਣਾਈ ਗਈ ਸੀ।
ਮੇਲੇ ਵਿੱਚ ਆਉਣ ਵਾਲੀਆਂ ਕੰਪਨੀਆਂ ਲਈ ਭੈਰੋਂ ਮਾਰਗ ’ਤੇ ਪਾਰਕਿੰਗ ਹੋਵੇਗੀ, ਜਦੋਂ ਕਿ ਵੀ.ਵੀ.ਆਈ.ਪੀਜ਼ ਲਈ ਪ੍ਰਗਤੀ ਮੈਦਾਨ ਦੇ ਅੰਦਰ ਪਾਰਕਿੰਗ ਹੋਵੇਗੀ।