ਮੁੰਬਈ: ਸ਼ੇਅਰ ਬਾਜ਼ਾਰ ਵਿੱਚ ਅੱਜ ਲਗਾਤਾਰ ਸੱਤਵੇਂ ਦਿਨ ਤੇਜ਼ੀ ਦਾ ਦੌਰ ਰਿਹਾ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 460 ਨੁਕਤਿਆਂ ਦੇ ਉਛਾਲ ਨਾਲ 61,765.59 ਦੀ ਨਵੇਂ ਰਿਕਾਰਡ ਪੱਧਰ ’ਤੇ ਬੰਦ ਹੋਇਆ। ਉਂਜ ਦਿਨ ਦੇ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰ ਇਕ ਵਾਰ ਹੁਣ ਤੱਕ ਦੇ ਸਿਖਰਲੇ ਪੱਧਰ 61,963.07 ਨੂੰ ਹੱਥ ਲਾ ਕੇ ਮੁੜਿਆ। ਉਧਰ ਐੱਨਐੱਸਈ ਦਾ ਨਿਫਟੀ ਵੀ 138.50 ਨੁਕਤਿਆਂ ਦੇ ਵਾਧੇ ਨਾਲ 18,477.05 ਦੀ ਨਵੀਂ ਸਿਖਰ ਨੂੰ ਜਾ ਪੁੱਜਾ। ਬੀਐੈੱਸਈ ਵਿੱਚ ਅੱਜ ਸਭ ਤੋਂ ਵਧ ਮੁਨਾਫ਼ਾ ਇਨਫੋਸਿਸ ਨੇ ਦਰਜ ਕੀਤਾ ਤੇ ਉਸ ਦੇ ਸ਼ੇਅਰ ਚਾਰ ਫੀਸਦ ਤੱਕ ਵਧ ਗਏ। ਇਸੇ ਤਰ੍ਹਾਂ ਟੈੱਕ ਮਹਿੰਦਰਾ, ਟਾਟਾ ਸਟੀਲ, ਆਈਸੀਆਈਸੀਆਈ ਬੈਂਕ, ਆਈਟੀਸੀ, ਮਾਰੂਤੀ, ਐੱਸਬੀਆਈ ਤੇ ਐਕਸਿਸ ਬੈਂਕ ਦੇ ਸ਼ੇਅਰਾਂ ਵਿੱਚ ਵੀ ਤੇਜ਼ੀ ਵੇਖਣ ਨੂੰ ਮਿਲੀ। ਐੱਚਸੀਐੱਲ, ਟੈੱਕ, ਮਹਿੰਦਰਾ ਐਂਡ ਮਹਿੰਦਰਾ, ਡਾ.ਰੈੱਡੀ’ਜ਼ ਦੇ ਸ਼ੇਅਰਾਂ ਦੇ ਭਾਅ ਥੋੜ੍ਹੇ ਡਿੱਗੇ। -ਪੀਟੀਆਈ