ਨਵੀਂ ਦਿੱਲੀ, 30 ਅਗਸਤ
ਲੌਕਡਾਊਨ ਕਾਰਨ ਆਰਥਿਕ ਸਰਗਰਮੀਆਂ ਰੁਕਣ ਤੇ ਮਾਲੀਆ ਘੱਟ ਇਕੱਠਾ ਹੋਣ ਕਾਰਨ 2020-21 ਦੀ ਜੀਡੀਪੀ ’ਚ ਭਾਰਤ ਦਾ ਵਿੱਤੀ ਘਾਟਾ 7 ਫੀਸਦ ਨੇੜੇ ਪਹੁੰਚਣ ਦਾ ਖਦਸ਼ਾ ਹੈ। ਬਰਿੱਕਵਰਕ ਰੇਟਿੰਗਜ਼ ਨੇ ਇਹ ਦਾਅਵਾ ਆਪਣੀ ਇਕ ਰਿਪੋਰਟ ’ਚ ਕੀਤਾ ਹੈ। ਰਿਪੋਰਟ ਮੁਤਾਬਕ ਵਿੱਤੀ ਗਤੀਵਿਧੀਆਂ ’ਤੇ ਲੌਕਡਾਊਨ ਦਾ ਪ੍ਰਭਾਵ ਪਹਿਲੇ ਤਿੰਨ ਮਹੀਨੇ ਦੌਰਾਨ ਕੇਂਦਰ ਸਰਕਾਰ ਵੱਲੋਂ ਇਕੱਠੇ ਹੋਣ ਵਾਲੇ ਮਾਲੀਏ ’ਤੇ ਸਪੱਸ਼ਟ ਦਿਖਾਈ ਦੇ ਰਿਹਾ ਹੈ। ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਕੇਂਦਰ ਸਰਕਾਰ ਨੂੰ ਜੋ ਮਾਲੀਆ ਪ੍ਰਾਪਤ ਹੋਇਆ ਹੈ ਉਹ ਪਿਛਲੇ ਸਾਲ ਇਸ ਸਮੇਂ ਦੇ ਮਾਲੀਏ ਮੁਕਾਬਲੇ ਬਹੁਤ ਘੱਟ ਹੈ। ਆਮਦਨ ਕਰ ਰਾਹੀਂ ਪ੍ਰਾਪਤ ਹੋਣ ਵਾਲਾ ਮਾਲੀਆ 30.5 ਫੀਸਦ ਘੱਟ ਹੈ ਜਦਕਿ ਜੀਐੱਸਟੀ ਮਾਲੀਆ ਮਹਿਜ਼ 34 ਫੀਸਦ ਹੀ ਇਕੱਠਾ ਹੋਇਆ ਹੈ। ਏਜੰਸੀ ਨੇ ਸਾਲ ਦੀ ਤੀਜੀ ਤਿਮਾਹੀ ’ਚ ਦੇਸ਼ ਦੇ ਵਿੱਤੀ ਹਾਲਾਤ ਕਰੋਨਾ ਤੋਂ ਪਹਿਲਾਂ ਜਿਹੇ ਹੋਣ ਦੀ ਪੇਸ਼ੀਨਗੋਈ ਕੀਤੀ ਹੈ।