ਨਵੀਂ ਦਿੱਲੀ, 31 ਮਈ
ਮੁੱਖ ਆਰਥਿਕ ਸਲਾਹਕਾਰ ਕੇ.ਵੀ.ਸੁਬਰਾਮਨੀਅਨ ਨੇ ਅੱਜ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਦਾ ਦੇਸ਼ ਦੇ ਅਰਥਚਾਰੇ ’ਤੇ ਕੁੱਲ ਮਿਲਾ ਕੇ ਕੋਈ ਵੱਡਾ ਅਸਰ ਨਹੀਂ ਪਏਗਾ। ਸੁਬਰਾਮਨੀਅਨ ਨੇ ਹਾਲਾਂਕਿ ਨਾਲ ਹੀ ਖ਼ਬਰਦਾਰ ਕੀਤਾ ਕਿ ਮਹਾਮਾਰੀ ਦੇ ਅੱਗੇ ਵੱਲ ਵਧਣ ਨੂੰ ਲੈ ਕੇ ਇਕ ਬੇਯਕੀਨੀ ਦਾ ਮਾਹੌਲ ਜ਼ਰੂਰ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਕਰਕੇ ਦੇਸ਼ ਦੇ ਮੌਜੂਦਾ ਸੂਰਤੇ ਹਾਲ ਨੂੰ ਵੇਖਦਿਆਂ ਇਹ ਭਵਿੱਖਬਾਣੀ ਕਰਨੀ ਮੁਸ਼ਕਲ ਜਾਪਦੀ ਹੈ ਕਿ ਮੌਜੂਦਾ ਵਿੱਤੀ ਸਾਲ ਵਿੱਚ ਦੇਸ਼ ਵਿਕਾਸ ਦਰ ਦੇ ਦੋਹਰੇ ਅੰਕੜੇ ਦੇ ਟੀਚੇ ਨੂੰ ਸਰ ਕਰ ਸਕੇਗਾ। ਉਨ੍ਹਾਂ ਕਿਹਾ ਕਿ ਟੀਕਾਕਰਨ ਦੇ ਅਮਲ ਨੂੰ ਰਫ਼ਤਾਰ ਦੇਣ ਦੀ ਲੋੜ ਹੈ ਤੇ ਇਸ ਨਾਲ ਕੋਵਿਡ-19 ਦੀ ਇਕ ਹੋਰ ਲਹਿਰ ਨੂੰ ਠੱਲਣ ਵਿੱਚ ਮਦਦ ਮਿਲੇਗੀ। ਪੀਟੀਆਈ