ਨਵੀਂ ਦਿੱਲੀ: ਵਿੱਤ ਮੰਤਰਾਲਾ ਨੇ ਮਾਲੀਏ ਨਾਲ ਸਬੰਧਿਤ ਰਸੀਦਾਂ ਅਤੇ ਖਰਚ ਦੀ ਰੋਜ਼ਾਨਾ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਮੰਤਰਾਲੇ ਨੇ ਇਹ ਫ਼ੈਸਲਾ ਵਿੱਤੀ ਘਾਟੇ ਨੂੰ ਕਾਬੂ ਕਰਨ ਦੇ ਮਕਸਦ ਨਾਲ ਕੀਤਾ ਹੈ। ਹਾਲਾਂਕਿ ਸਰਕਾਰ ਨੂੰ ਸੋਧੇ ਹੋਏ ਟੈਕਸ ਰੈਵੇਨਿਊ ਦੇ ਅਨੁਮਾਨਾਂ ਨੂੰ ਪੂਰਾ ਕਰਨ ਦੀ ਆਸ ਹੈ ਪਰ ਅਪਨਿਵੇਸ਼ ਰਸੀਦਾਂ ਤੋਂ ਪੰਜਾਹ ਹਜ਼ਾਰ ਕਰੋੜ ਪ੍ਰਾਪਤ ਕਰਨ ਦਾ ਟੀਚਾ ਚੁਣੌਤੀ ਬਣ ਸਕਦਾ ਹੈ। ਅਧਿਕਾਰੀ ਮੁਤਾਬਿਕ ਇਕੱਠੇ ਹੋਏ ਕਰ ਤੇ ਗ਼ੈਰ ਕਰ ਮਾਲੀਏ ਦੀ ਰੋਜ਼ਾਨਾ ਸਮੀਖਿਆ ਨਾਲ ਸਰਕਾਰ ਨੂੰ ਸਮੇਂ ਸਿਰ ਉਚਿਤ ਕਾਰਵਾਈ ਕਰਨ ‘ਚ ਮਦਦ ਮਿਲੇਗੀ। ਵਿੱਤ ਮੰਤਰਾਲੇ ਅਧੀਨ ਕੰਟਰੋਲਰ ਜਨਰਲ ਆਫ ਅਕਾਊਂਟਸ ਵੱਲੋਂ ਪਹਿਲੀ ਮਾਰਚ ਨੂੰ ਜਾਰੀ ਕੀਤੇ ਗਏ ਪੱਤਰ ਵਿੱਚ ਕਿਹਾ ਗਿਆ ਕਿ ਮਾਰਚ 2023 ਵਿੱਚ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ, ਖਰਚ ਅਤੇ ਵਿੱਤੀ ਸਥਿਤੀ ‘ਤੇ ਨਜ਼ਰ ਰੱਖਣ ਲਈ ਰੋਜ਼ਾਨਾ ਸਮੀਖਿਆ ਕਰਨ ਦੀ ਲੋੜ ਹੈ। -ਪੀਟੀਆਈ