ਨਵੀਂ ਦਿੱਲੀ, 27 ਮਈ
ਤੇਲ ਕੀਮਤਾਂ ਨੂੰ ਅੱਜ ਮੁੜ ਅੱਗ ਲੱਗ ਗਈ। ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਪੈਟਰੋਲ ਦਾ ਭਾਅ 100 ਰੁਪਏ ਪ੍ਰਤੀ ਲੀਟਰ ਨੂੰ ਟੱਪ ਗਿਆ ਜਦੋਂਕਿ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਪੈਟਰੋਲ ਦੀ ਕੀਮਤ 99.94 ਰੁਪਏ ਪ੍ਰਤੀ ਲਿਟਰ ਦੇ ਭਾਅ ਨਾਲ ਸੌ ਰੁਪਏ ਦੇ ਨੇੜੇ ਢੁੱਕ ਗਈ। ਸਰਕਾਰੀ ਮਾਲਕੀ ਵਾਲੀ ਪ੍ਰਚੂਨ ਤੇਲ ਵਿਕਰੇਤਾਵਾਂ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਪੈਟਰੋਲ ਦਾ ਭਾਅ 24 ਪੈਸੇ ਤੇ ਡੀਜ਼ਲ ਦਾ 29 ਪੈਸੇ ਪ੍ਰਤੀ ਲੀਟਰ ਵੱਧ ਗਿਆ। ਮਈ ਮਹੀਨੇ ਵਿੱਚ ਤੇਲ ਕੀਮਤਾਂ ’ਚ ਕੀਤਾ ਇਹ 14ਵਾਂ ਵਾਧਾ ਹੈ। ਰਾਜਸਥਾਨ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਵਿੱਚ ਪੈਟਰੋਲ ਦੀ ਕੀਮਤ ਪਹਿਲਾਂ ਹੀ 100 ਰੁਪਏ ਪ੍ਰਤੀ ਲੀਟਰ ਦੇ ਅੰਕੜੇ ਨੂੰ ਟੱਪ ਚੁੱਕੀ ਹੈ। ਇਸ ਨਵੇਂ ਵਾਧੇ ਨਾਲ ਦਿੱਲੀ ਵਿੱਚ ਪੈਟਰੋਲ ਦੀ ਕੀਮਤ 93.84 ਰੁਪਏ ਜਦੋਂਕਿ ਡੀਜ਼ਲ ਦੀ 84.61 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
-ਪੀਟੀਆਈ