ਨਵੀਂ ਦਿੱਲੀ, 22 ਅਗਸਤ
ਪੈਟਰੋਲ ਤੇ ਡੀਜ਼ਲ ਅੱਜ 20-20 ਪੈਸੇ ਸਸਤਾ ਹੋ ਗਿਆ ਹੈ। ਇਹ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਕੀਤੀ ਗਈ ਪਹਿਲੀ ਤੇ ਇੱਕ ਹਫ਼ਤੇ ਤੋਂ ਘੱਟ ਸਮੇਂ ਵਿੱਚ ਡੀਜ਼ਲ ਦੀ ਕੀਮਤ ਵਿੱਚ ਚੌਥੀ ਕਟੌਤੀ ਹੈ। ਸਰਕਾਰੀ ਪੈਟਰੋਲੀਅਮ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਕੌਮੀ ਰਾਜਧਾਨੀ ਵਿੱਚ ਹੁਣ ਪੈਟਰੋਲ ਦੀ ਕੀਮਤ ਘਟ ਕੇ 101.64 ਰੁਪਏ ਅਤੇ ਡੀਜ਼ਲ ਦੀ 89.07 ਰੁਪਏ ਪ੍ਰਤੀ ਲਿਟਰ ਰਹਿ ਗਈ ਹੈ। ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਮਈ ਮਹੀਨੇ ਮਗਰੋਂ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਈਆਂ ਹਨ, ਜਿਸ ਮਗਰੋਂ ਦੇਸ਼ ਵਿੱਚ ਤੇਲ ਕੀਮਤਾਂ ਵਿੱਚ ਕਮੀ ਆਈ ਹੈ। -ਪੀਟੀਆਈ