ਨਵੀਂ ਦਿੱਲੀ, 30 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਅਕਤੂਬਰ 2022 ਨੂੰ ਭਾਰਤ ਵਿੱਚ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ 5ਜੀ ਸੇਵਾਵਾਂ ਦੀ ਸ਼ੁਰੂਆਤ ਕਰਨਗੇ। ਇਕ ਅਧਿਕਾਰਤ ਬਿਆਨ ਵਿੱਚ ਅੱਜ ਇਹ ਜਾਣਕਾਰੀ ਦਿੱਤੀ ਗਈ। ਬਿਆਨ ਅਨੁਸਾਰ, ਪ੍ਰਧਾਨ ਮੰਤਰੀ ਚੋਣਵੇਂ ਸ਼ਹਿਰਾਂ ਵਿੱਚ 5ਜੀ ਸੇਵਾਵਾਂ ਦੀ ਸ਼ੁਰੂਆਤ ਕਰਨਗੇ ਅਤੇ ਅਗਲੇ ਕੁਝ ਸਾਲਾਂ ਵਿੱਚ ਕ੍ਰਮਵਾਰ ਪੂਰੇ ਦੇਸ਼ ਵਿੱਚ ਇਸ ਦਾ ਵਿਸਥਾਰ ਕੀਤਾ ਜਾਵੇਗਾ। ਭਾਰਤ ’ਤੇ 5ਜੀ ਦਾ ਕੁੱਲ ਆਰਥਿਕ ਪ੍ਰਭਾਵ 2035 ਤੱਕ 450 ਅਰਬ ਅਮਰੀਕੀ ਡਾਲਰ ਤੱਕ ਹੋਣ ਦਾ ਅਨੁਮਾਨ ਹੈ। ਬਿਆਨ ਵਿੱਚ ਕਿਹਾ ਕਿ ਗਿਆ ਕਿ ਪ੍ਰਧਾਨ ਮੰਤਰੀ 5ਜੀ ਸੇਵਾਵਾਂ ਦੇ ਨਾਲ 14 ਅਕਤੂਬਰ 2022 ਤੱਕ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਹੋਣ ਵਾਲੀ ਇੰਡੀਆ ਮੋਬਾਈਲ ਕਾਂਗਰਸ 2022 ਦੇ ਛੇਵੇਂ ਐਡੀਸ਼ਨ ਦਾ ਉਦਘਾਟਨ ਵੀ ਕਰਨਗੇ। -ਪੀਟੀਆਈ