ਨਵੀਂ ਦਿੱਲੀ, 25 ਨਵੰਬਰ
ਸਰਕਾਰ ਜਲਦੀ ਹੀ ਆਦਰਸ਼ ਕਿਰਾਇਆ ਐਕਟ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਨੇ ਕਿਹਾ ਕਿ ਇਸ ਨਾਲ ਕਿਰਾਏ ’ਤੇ ਮਕਾਨਾਂ ਦੇਣ ਨੂੰ ਹੁਲਾਰਾ ਮਿਲੇਗਾ। ਮੰਤਰਾਲੇ ਨੇ ਜੁਲਾਈ, 2019 ਵਿਚ ਆਦਰਸ਼ ਕਿਰਾਇਆ ਐਕਟ ਦਾ ਖਰੜਾ ਜਾਰੀ ਕੀਤਾ ਸੀ। ਸ੍ਰੀ ਮਿਸ਼ਰਾ ਨੇ ਕਿਹਾ ਕਿ ਆਦਰਸ਼ ਕਿਰਾਇਆ ਕਾਨੂੰਨ ਤਿਆਰ ਹੈ। ਇਸ ਦਾ ਵੱਖ ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਆਦਰਸ਼ ਕਿਰਾਏ ਕਾਨੂੰਨ ਬਾਰੇ ਟਿੱਪਣੀਆਂ ਲੈਣ ਦੀ ਆਖਰੀ ਮਿਤੀ 31 ਅਕਤੂਬਰ ਨੂੰ ਖਤਮ ਹੋ ਗਈ ਹੈ। ਹੁਣ ਰਾਜਾਂ ਨੂੰ ਇਸ ਬਾਰੇ ਆਪਣੀ ਰਾਇ ਦੇਣ ਲਈ ਕਿਹਾ ਗਿਆ ਹੈ। ਇਹ ਕਾਨੂੰਨ ਛੇਤੀ ਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਲ 2011 ਦੀ ਜਨਗਣਨਾ ਅਨੁਸਾਰ 1.1 ਕਰੋੜ ਘਰ ਖਾਲ੍ਹੀ ਹਨ ਕਿਉਂਕਿ ਲੋਕ ਆਪਣਾ ਮਕਾਨ ਕਿਰਾਏ ’ਤੇ ਦੇਣ ਤੋਂ ਝਿਜਕਦੇ ਹਨ।