ਨਵੀਂ ਦਿੱਲੀ: ਆਲਮੀ ਬਾਜ਼ਾਰਾਂ ਵਿੱਚ ਮਜ਼ਬੂਤੀ ਦੇ ਰੁਖ਼ ਦੌਰਾਨ ਅੱਜ ਕੌਮੀ ਰਾਜਧਾਨੀ ‘ਚ ਸੋਨੇ ਦਾ ਭਾਅ 940 ਰੁਪਏ ਵਧ ਕੇ ਹੁਣ ਤੱਕ ਦੇ ਸਭ ਤੋਂ ਉਪਰਲੇ ਪੱਧਰ 62,020 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ। ਐੱਚਡੀਐੱਫਸੀ ਸਕਿਉਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ ‘ਚ ਸੋਨਾ 61,080 ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ ‘ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਵੀ 660 ਰੁਪਏ ਵਧ ਕੇ 76,700 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਐੱਚਡੀਐਫਸੀ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, ”ਕੌਮਾਂਤਰੀ ਬਾਜ਼ਾਰ ‘ਚ ਲੰਘੀ ਰਾਤ ਤੋਂ ਤੇਜ਼ੀ ਮਗਰੋਂ ਘਰੇਲੂ ਬਾਜ਼ਾਰ ਵਿੱਚ ਸੋਨਾ ਰਿਕਾਰਡ ‘ਤੇ ਪਹੁੰਚ ਗਿਆ।” -ਪੀਟੀਆਈ