ਨਵੀਂ ਦਿੱਲੀ, 9 ਸਤੰਬਰ
ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ (ਅਪਰੈਲ-ਜੂਨ) ਵਿੱਚ ਜੀਡੀਪੀ ਵਿੱਚ 23.9 ਫੀਸਦੀ ਦੀ ਗਿਰਾਵਟ ਨੂੰ ਚਿੰਤਾਜਨਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਨੌਕਰਸ਼ਾਹੀ ਨੂੰ ਇਸ ਲਈ ਅਰਥਪੂਰਨ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸੰਕਟ ਦੌਰਾਨ ਵਧੇਰੇ ਸੂਝਵਾਨ ਅਤੇ ਚੌਕਸ ਸਰਕਾਰ ਦੀ ਲੋੜ ਹੈ। ਰਾਜਨ ਨੇ ਕਿਹਾ, ‘ ਬਦਕਿਸਮਤੀ ਨਾਲ ਸ਼ੁਰੂਆਤ ਵਿੱਚ ਜਿਹੜੀਆਂ ਗਤੀਵਿਧੀਆਂ ਤੇਜ਼ੀ ਨਾਲ ਵਧੀਆਂ ਸਨ, ਹੁਣ ਮੁੜ ਠੰਢੀਆਂ ਪੈ ਗਈਆਂ ਹਨ। ’ ਉਨ੍ਹਾਂ ਨੇ ਆਪਣੇ ਲਿੰਕਡਇਨ ਪੇਜ ’ਤੇ ਪੋਸਟ ਵਿੱਚ ਲਿਖਿਆ ਹੈ, ‘ ਆਰਥਿਕ ਵਿਕਾਸ ਵਿੱਚ ਇੰਨੀ ਵੱਡੀ ਗਿਰਾਵਟ ਸਭਨਾਂ ਲਈ ਚੇਤਾਵਨੀ ਹੈ। ਭਾਰਤ ਵਿੱਚ ਜੀਡੀਪੀ ਵਿੱਚ 23.9 ਫੀਸਦੀ ਦੀ ਗਿਰਾਵਟ ਆਈ ਹੈ। ਅਸੰਗਠਿਤ ਖੇਤਰ ਵਿੱਚ ਅੰਕੜੇ ਆਉਣ ਤੋਂ ਬਾਅਦ ਇਹ ਗਿਰਾਵਟ ਹੋਰ ਵਧ ਸਕਦੀ ਹੈ। ਉਧਰ, ਕੋਵਿਡ-19 ਨਾਲ ਸਭ ਤੋਂ ਵਧ ਪ੍ਰਭਾਵਿਤ ਮੁਲਕਾਂ ਇਟਲੀ ਵਿੱਚ ਜੀਡੀਪੀ ਵਿੱਚ 12.4 ਫੀਸਦੀ ਅਤੇ ਅਮਰੀਕਾ ਵਿੱਚ 9.5 ਫੀਸਦੀ ਦੀ ਗਿਰਾਵਟ ਆਈ ਹੈ। ’ ਉਨ੍ਹਾਂ ਕਿਹਾ ਕਿ ਇੰਨੇ ਖਰਾਬ ਜੀਡੀਪੀ ਅੰਕੜਿਆਂ ਵਿੱਚ ਇਕ ਚੰਗੀ ਗੱਲ ਇਹ ਹੋ ਸਕਦੀ ਹੈ ਕਿ ਅਧਿਕਾਰੀ ਹੁਣ ਸਵੈਮਾਣ ਦੀ ਸਥਿਤੀ ’ਚੋਂ ਬਾਹਰ ਨਿਕਲਣਗੇ ਅਤੇ ਕੁਝ ਅਰਥਪੂਰਨ ਗਤੀਵਿਧੀਆਂ ’ਤੇ ਧਿਆਨ ਕੇਂਦਰਿਤ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਭਾਰਤ ਸਰਕਾਰ ਸ਼ਾਇਦ ਹਾਲ ਦੀ ਘੜੀ ਕੁਝ ਕਰਨ ਤੋਂ ਇਸ ਲਈ ਬਚਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਭਵਿੱਖ ਲਈ ਵਸੀਲਿਆਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਰਾਇ ਦਿੱਤੀ ਕਿ ਇਹ ਆਤਮਘਾਤੀ ਨੀਤੀ ਹੈ। -ਏਜੰਸੀ