ਲੰਡਨ, 6 ਅਕਤੂਬਰ
ਦੁਨੀਆਂ ਭਰ ’ਚ ਬੀਤੇ ਦਿਨੀਂ ਫੇਸਬੁੱਕ ਤੇ ਇਸ ਦੇ ਹੋਰ ਪਲੇਟਫਾਰਮਾਂ ਦੇ ਘੰਟਿਆਂਬੱਧੀ ਬੰਦ ਰਹਿਣ ਦਾ ਕਾਰਨ ਰੂਟਿਨ ਦੇ ਰੱਖ-ਰਖਾਓ ਦੌਰਾਨ ਪੇਸ਼ ਆਈ ਸਮੱਸਿਆ ਸੀ। ਇਹ ਜਾਣਕਾਰੀ ਅੱਜ ਕੰਪਨੀ ਨੇ ਦਿੱਤੀ। ਫੇਸਬੁੱਕ ਦੇ ਮੀਤ ਪ੍ਰਧਾਨ (ਇਨਫਰਾਸਟਰੱਕਚਰ) ਸੰਤੋਸ਼ ਜਨਾਰਧਨ ਨੇ ਇਕ ਬਲੌਗ ਪੋਸਟ ਵਿਚ ਕਿਹਾ, ‘‘ਫੇਸਬੁੱਕ, ਇੰਸਟਾਗ੍ਰਾਮ ਅਤੇ ਵੱਟਸਐਪ ਦਾ ਬੰਦ ਹੋਣਾ ਕਿਸੇ ਮਾੜੀ ਭਾਵਨਾ ਨਾਲ ਕੀਤੀ ਗਈ ਕਾਰਵਾਈ ਨਹੀਂ ਸੀ ਬਲਕਿ ਇਹ ਸਾਡੇ ਆਪਣੇ ਸਿਸਟਮ ਵਿਚ ਅੰਦਰੂਨੀ ਸਮੱਸਿਆ ਪੇਸ਼ ਆਉਣ ਕਾਰਨ ਹੋਇਆ ਸੀ।’’ ਉਨ੍ਹਾਂ ਕਿਹਾ ਕਿ ਇਹ ਸਮੱਸਿਆ ਉਦੋਂ ਪੇਸ਼ ਆਈ ਸੀ ਜਦੋਂ ਇੰਜਨੀਅਰ ਰੋਜ਼ਾਨਾ ਦੇ ਰੱਖ-ਰਖਾਓ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਫੇਸਬੁੱਕ ਦੀ ਵਿਸ਼ਵ ਪੱਧਰ ’ਤੇ ਬੈਕਬੌਨ ਡੇਟਾ ਸਮਰੱਥਾ ਦਾ ਪਤਾ ਲਗਾਉਣ ਲਈ ਇਕ ਕਮਾਂਡ ਦਿੱਤੀ ਗਈ ਜਿਸ ਕਾਰਨ ਸਾਡੇ ਬੈਕਬੌਨ ਨੈੱਟਵਰਕ ਵਿਚ ਸਾਰੇ ਕੁਨੈਕਸ਼ਨ ਅਚਾਨਕ ਬੰਦ ਹੋ ਗਿਆ ਅਤੇ ਦੁਨੀਆ ਭਰ ਵਿਚ ਫੇਸਬੁੱਕ ਦੇ ਡੇਟਾ ਦਾ ਸੰਪਰਕ ਟੁੱਟ ਗਿਆ। ਜਨਾਰਧਨ ਨੇ ਕਿਹਾ ਕਿ ਅਜਿਹੀਆਂ ਸਮੱਸਿਆਵਾਂ ਨੂੰ ਫੜਨ ਲਈ ਭਾਵੇਂ ਕਿ ਫੇਸਬੁੱਕ ਕੋਲ ਸਿਸਟਮ ਹਨ ਪਰ ਇਸ ਮਾਮਲੇ ਵਿਚ ਆਡਿਟ ਟੂਲ ਵਿਚ ਬੱਗ ਆਉਣ ਕਾਰਨ ਪੂਰੀ ਤਰ੍ਹਾਂ ਕਮਾਂਡ ਨੂੰ ਰੋਕਿਆ ਨਹੀਂ ਜਾ ਸਕਿਆ। -ਏਪੀ