ਦੀਨਾਨਗਰ ਰੋਡ ਗੁੱਜਰਾਂਵਾਲੇ ਦੇ ਸਿਆਲਕੋਟੀ ਗੇਟ ਤੋਂ ਸ਼ੁਰੂ ਹੁੰਦੀ ਸੀ। ਇਸ ਰੋਡ ਉੱਤੇ ਤਲਵੰਡੀ ਮੂਸੇ ਖਾਂ, ਧਰਮਕੋਟ, ਕੋਟਲੀ ਕੇਵਲ ਰਾਮ, ਵਡਾਲਾ ਸੰਧੂਆਂ, ਪਹਾੜੀਪੁਰ, ਭਿੱਖੀ ਸੰਧੂਆਂ, ਸਿੜਾਂਵਾਲੀ, ਛਿੱਛਰਵਾਲੀ, ਭੁਲੇਰ ਬਾਜਵਾ, ਮਾਛੀਵਾਲਾ, ਪਸਰੂਰ, ਢੋਡਾ, ਸੰਤ ਹਰਨਾਮ ਸਿੰਘ ਹੋਰਾਂ ਦਾ ਪਿੰਡ ਕਿਲ੍ਹਾ ਕਾਲਰਵਾਲਾ, ਚੰਦਰਕੇ ਮਘੋਲੇ, ਖੋਖਰ, ਬੱਦੋਮੱਲੀ, ਬਾਠਾਂਵਾਲਾ, ਵਧਾਈਚੀਮਾ ਤੇ ਅਗਾਂਹ ਰਾਵੀ ਆ ਜਾਂਦੀ ਸੀ।
ਮਹਾਰਾਜਾ ਰਣਜੀਤ ਸਿੰਘ ਜਦੋਂ ਬਟਾਲੇ ਵੱਲ ਆਉਂਦੇ ਤਾਂ ਇਸ ਰਾਹੇ ਆਉਂਦੇ। ਉਹਦਾ ਪਹਿਲਾ ਮੁਕਾਮ ਸਿੜਾਂਵਾਲੀਏ ਸਰਦਾਰਾਂ ਕੋਲ ਅਤੇ ਦੂਜਾ ਮੁਕਾਮ ਬਾਠਾਂਵਾਲੀਏ ਸਰਦਾਰਾਂ ਕੋਲ ਹੁੰਦਾ ਸੀ। ਲੋਕ ਇਨ੍ਹਾਂ ਨੂੰ ਮਹਿਲਾਂਵਾਲੇ ਸਰਦਾਰ ਆਖਦੇ ਸਨ।
ਬਾਠਾਂਵਾਲੇ ’ਚ ਬਹੁਤੀ ਜ਼ਮੀਨ ਮਹਿਲਾਂਵਾਲੇ ਸਰਦਾਰਾਂ ਦੀ ਸੀ। ਦੂਜਾ ਵੱਡਾ ਜ਼ਿਮੀਂਦਾਰ ਲੰਬੜਦਾਰ ਜਿਊਣ ਸਿੰਘ ਸੀ। ਇਸਦੇ ਚਾਰ ਪੁੱਤਰ ਸਨ। ਉਨ੍ਹਾਂ ਦੇ ਇਕ ਪੁੱਤਰ ਹਰਸ਼ਪਾਲ ਸਿੰਘ ਪਾਲੀ ਨੇ ਆਪਣੇ ਪਿੰਡ ਦੇ ਮੁਸਲਮਾਨ ਜੋਗੀਆਂ ਦੀ ਧੀ ਨਾਲ ਵਿਆਹ ਕਰਵਾ ਲਿਆ ਸੀ।
ਇਸ ਪਿੰਡ ਦੀਆਂ ਗੱਲਾਂ ਸੁਣਨ ਲਈ ਮੈਂ ਪੂਰਬੀ ਦਿੱਲੀ ਦੇ ਵਿਵੇਕ ਨਗਰ ’ਚ ਵਸਦੇ ਧਰਮਪਾਲ ਬੇਦੀ ਹੋਰਾਂ ਨੂੰ ਮਿਲਣ ਗਿਆ।
“ਮੈਨੂੰ ਇਕ ਖੂਹ ਬੜਾ ਯਾਦ ਆਉਂਦਾ…।” ਉਨ੍ਹਾਂ ਗੱਲ ਸ਼ੁਰੂ ਕੀਤੀ।
“ਉਹਦੇ ਆਲੇ-ਦੁਆਲੇ ਬੇਰੀਆਂ ਹੀ ਬੇਰੀਆਂ ਹੁੰਦੀਆਂ ਸਨ। ਇਕ ਵਾਰ ਬੜੀ ਤੇਜ਼ ਹਨੇਰੀ ਵਗੀ। ਮੈਂ ਅਤੇ ਵੱਡਾ ਭਰਾ ਬੇਰ ਚੁਗਣ ਚਲੇ ਗਏ। ਜਦੋਂ ਅਸੀਂ ਝੋਲੀਆਂ ਭਰ ਲਈਆਂ ਤਾਂ ਬੇਰੀਆਂ ਦੀ ਮਾਲਕਣ ਮਾਈ ਹੇਮੋਂ ਆ ਗਈ। ਅਸੀਂ ਬੇਰ ਸੁੱਟ ਕੇ ਦੌੜ ਆਏ।
ਸਾਡੇ ਪਿੰਡ ’ਚ ਛੇਵੀਂ ਤਕ ਸਕੂਲ ਸੀ। ਉਸਤਾਦ ਲਹਿਣਾ ਸਿੰਘ ਛੋਟੀਆਂ ਜਮਾਤਾਂ ਨੂੰ ਪੜ੍ਹਾਉਂਦੇ ਸਨ। ਮੌਲਵੀ ਅਬਦੁੱਲ ਗਨੀ ਹੈੱਡਮਾਸਟਰ ਸਨ। ਮੌਲਵੀ ਇਸਮਾਇਲ ਫ਼ਾਰਸੀ ਅਤੇ ਸਰਦਾਰ ਸੁਰੈਣ ਸਿੰਘ ਗਣਿਤ ਪੜ੍ਹਾਉਂਦੇ ਸਨ। ਮੈਂ ਪਹਿਲੀ ਤੋਂ ਚੌਥੀ ਤਕ ਮੌਨੀਟਰ ਰਿਹਾ। ਨਿਆਮਤ ਅਲੀ ਮੁਸੱਲੀ ਤੇ ਹਿਦਾਇਤ ਅਲੀ ਯੋਗੀ ਮੇਰੇ ਨਾਲ ਪੜ੍ਹਦੇ ਸੀ।
ਬੜੀ ਦੋਸਤੀ ਸੀ ਸਾਡੀ। ਅਸੀਂ ਤਿੰਨਾਂ ਨੇ ਵਜ਼ੀਫ਼ੇ ਵਾਸਤੇ ਕੁੱਲੇ ਪਿੰਡ ’ਚ ਜਾ ਕੇ ਇਮਤਿਹਾਨ ਦਿੱਤਾ ਸੀ। ਨਤੀਜਾ ਆਉਣ ਤੋਂ ਪਹਿਲਾਂ ਸੰਤਾਲੀ ਵਾਲੇ ਰੌਲੇ ਪੈਣੇ ਸ਼ੁਰੂ ਹੋ ਗਏ।
ਸਾਡੇ ਪਿੰਡ ਦੇ ਮੁਸਲਮਾਨ ਸਿੱਖਾਂ ਨਾਲ ਰਲ ਕੇ ਪਹਿਰਾ ਦੇਣ ਲੱਗੇ। ਉਨ੍ਹਾਂ ਮਤਾ ਪਕਾਇਆ ਕਿ ਜੇਕਰ ਕੋਈ ਮੁਸਲਮਾਨ ਹਮਲਾ ਕਰੇਗਾ ਤਾਂ ਉਹਨੂੰ ਮੁਸਲਮਾਨ ਰੋਕਣਗੇ। ਜੇਕਰ ਹਮਲਾਵਰ ਸਿੱਖ ਹੋਏ ਤਾਂ ਮੂਹਰੇ ਸਿੱਖ ਹੋਣਗੇ।
ਕੁਝ ਦਿਨ ਇਸ ਤਰ੍ਹਾਂ ਹੀ ਨਿਕਲ ਗਏ। ਮੁਸਲਮਾਨਾਂ ਨੇ ਆਪਣੇ ਬੱਚਿਆਂ ਨਾਲੋਂ ਵੱਧ ਸਾਡੀ ਹਿਫ਼ਾਜ਼ਤ ਕੀਤੀ। ਫਿਰ ਸ਼ੇਖੂਪੁਰੇ ਵੱਲੋਂ ਕਾਫ਼ਲਾ ਆਇਆ। ਉਹ ਜਿਸ ਪਿੰਡ ਕੋਲ ਦੀ ਲੰਘਦਾ ਓਸ ਪਿੰਡ ਦੇ ਹਿੰਦੂ-ਸਿੱਖ ਉਹਦੇ ਨਾਲ ਰਲਦੇ ਜਾਂਦੇ। ਉਸ ਕਾਫ਼ਲੇ ਦੀ ਰਾਹਨੁਮਾਈ ਦੋ ਘੋੜ-ਸਵਾਰ ਲੜਕੀਆਂ ਕਰ ਰਹੀਆਂ ਸਨ। ਉਨ੍ਹਾਂ ਤਲਵਾਰਾਂ ਫੜੀਆਂ ਹੋਈਆਂ ਸਨ।
ਇਹ ਕਾਫ਼ਲਾ ਸਾਡੇ ਪਿੰਡ ਕੋਲੋਂ ਲੰਘਿਆ ਤਾਂ ਉਨ੍ਹਾਂ ਆਖਿਆ ਕਿ ਲੋੜ ਜੋਗਾ ਸਾਮਾਨ ਚੁੱਕੋ ਤੇ ਉੱਠ ਪਓ। ਕੁਝ ਦੇਰ ਇਸ ਗੱਲ ’ਤੇ ਵਿਚਾਰ ਹੁੰਦਾ ਰਿਹਾ।
ਅਖ਼ੀਰ ਲੰਬੜਦਾਰ ਜਿਊਣ ਸਿੰਘ ਨੂੰ ਪੁੱਛਿਆ ਗਿਆ। ਉਹ ਸਾਰੇ ਪਿੰਡ ਨੂੰ ਆਪਣਾ ਟੱਬਰ ਸਮਝਦੇ ਸਨ। ਉਹ ਗ਼ਰੀਬ ਬੱਚੀਆਂ ਦੇ ਵਿਆਹ ਕਰਦੇ। ਹਰੇਕ ਦੀ ਖ਼ੁਸ਼ੀ-ਗਮੀ ’ਚ ਸ਼ਰੀਕ ਹੁੰਦੇ। ਸਵੇਰੇ ਗੁਰਦੁਆਰੇ ਜਾਣ ਤੋਂ ਬਾਅਦ ਉਹ ਸਾਰਾ ਪਿੰਡ ਘੁੰਮਦੇ। ਗਲੀ ’ਚ ਕੋਈ ਰੋੜਾ ਪਿਆ ਹੁੰਦਾ ਤਾਂ ਆਪਣੀ ਖੂੰਡੀ ਨਾਲ ਪਾਸੇ ਕਰ ਦਿੰਦੇ। ਉਨ੍ਹਾਂ ਨੂੰ ਪੁੱਛੇ ਬਗੈਰ ਪਿੰਡ ’ਚ ਪੁਲੀਸ ਨਹੀਂ ਸੀ ਵੜ ਸਕਦੀ।
ਜਿਊਣ ਸਿੰਘ ਹੋਰੀਂ ਜਦੋਂ ਪਿੰਡੋਂ ਤੁਰਨ ਲੱਗੇ ਤਾਂ ਮੁਸਲਮਾਨ ਉਨ੍ਹਾਂ ਦੇ ਪੈਰਾਂ ’ਚ ਡਿੱਗ ਪਏ। ਉਨ੍ਹਾਂ ਦਾ ਮਨ ਪਸੀਜਿਆ ਗਿਆ। ਆਖ਼ਰ ਉਨ੍ਹਾਂ ਆਖਿਆ- ਜਵਾਨ ਬੰਦੇ, ਬੁੱਢੀਆਂ ਤੇ ਬੱਚੇ ਚਲੇ ਜਾਓ। ਅਸੀਂ ਬੁੱਢੇ ਪਿੱਛੇ ਰਹਿੰਦੇ ਆਂ।
ਅਸੀਂ ਘਰ ਦੇ ਸਾਰੇ ਸਾਮਾਨ ਦੀ ਸੂਚੀ ਬਣਾਈ ਤੇ ਗੁਆਂਢੀ ਹੈਦਰ ਨੂੰ ਫੜਾ ਦਿੱਤੀ। ਰਹੀਮ, ਬਰਕਤ ਤੇ ਨਵਾਬ ਬੀਬੀ ਸਾਡੀਆਂ ਗੁਆਂਢਣਾਂ ਸਨ। ਉਹ ਮੇਰੀ ਮਾਂ ਦੇ ਗਲ਼ ਲੱਗ ਬੜਾ ਰੋਈਆਂ। ਅਸੀਂ ਚੀਦਾ-ਚੀਦਾ ਸਾਮਾਨ ਚੁੱਕਿਆ ਤੇ ਕਾਫ਼ਲੇ ’ਚ ਆਣ ਰਲੇ।
ਕਾਫ਼ਲੇ ਦੀ ਰਾਹਨੁਮਾਈ ਕਰਨ ਵਾਲੀਆਂ ਕੁੜੀਆਂ ਨਾਲ ਸਾਡੇ ਪਿੰਡ ਦਾ ਮੁੰਡਾ ਘੁੱਕਾ ਵੀ ਸ਼ਾਮਲ ਹੋ ਗਿਆ। ਉਹ ਮਿਲਟਰੀ ’ਚੋਂ ਛੁੱਟੀ ਆਇਆ ਹੋਇਆ ਸੀ ਤੇ ਉਸ ਕੋਲ ਬੰਦੂਕ ਵੀ ਸੀ। ਰਈਏ ਤੋਂ ਜਦੋਂ ਸਾਡਾ ਕਾਫ਼ਲਾ ਰਾਵੀ ਵੱਲ ਮੁੜਿਆ ਤਾਂ ਹਮਲਾ ਹੋ ਗਿਆ। ਉਨ੍ਹਾਂ ਕਾਫ਼ਲੇ ਨੂੰ ਅੱਗਿਓਂ ਵੱਢਣਾ ਸ਼ੁਰੂ ਕਰ ਦਿੱਤਾ। ਓਥੇ ਕੋਈ ਚਾਲੀ-ਪੰਜਾਹ ਬੰਦੇ ਮਾਰੇ ਗਏ। ਘੁੱਕੇ ਨੇ ਫਾਇਰ ਕੀਤੇ ਤਾਂ ਕਾਤਲ ਦੌੜ ਗਏ।
ਸਾਮਾਨ ਅਸੀਂ ਓਥੇ ਹੀ ਸੁੱਟ ਦਿੱਤਾ। ਜਿੱਧਰ ਨੂੰ ਮੂੰਹ ਹੋਇਆ ਉੱਧਰ ਨੂੰ ਦੌੜ ਪਏ। ਸਾਡਾ ਸਾਰਾ ਟੱਬਰ ਨਿਖੜ ਗਿਆ। ਮੈਂ ਲਾਸ਼ਾਂ ਦੇ ਕੋਲੋਂ ਲੰਘ ਕੇ ਆਇਆ। ਅਸੀਂ ਰਾਵੀ ਕੰਢੇ ਪਹੁੰਚ ਗਏ। ਸਾਡਾ ਸਾਰਾ ਟੱਬਰ ਮੁੜ ਤੋਂ ਇਕੱਠਾ ਹੋ ਗਿਆ। ਇੱਥੇ ਅਸੀਂ ਪੰਦਰਾਂ ਦਿਨ ਬੈਠੇ ਰਹੇ।
ਰਾਵੀ ਟੱਪ ਕੇ ਅਸੀਂ ਅੰਮ੍ਰਿਤਸਰ ਦੇ ਪਿੰਡ ਗੱਗੋਮਾਹਲ ਆ ਗਏ। ਓਥੇ ਸਾਡੇ ਜਜ਼ਮਾਨ ਰਹਿੰਦੇ ਸਨ। ਇਕ ਰਾਤ ਅਸੀਂ ਉਨ੍ਹਾਂ ਕੋਲ ਰਹੇ। ਸਵੇਰ ਹੋਈ ਤਾਂ ਉਨ੍ਹਾਂ ਹੱਥ ਜੋੜਦਿਆਂ ਅਰਜ਼ ਕੀਤੀ ਕਿ ਅਗਾਂਹ ਲੰਘ ਜਾਓ। ਫਿਰ ਅਸੀਂ ਥੇਹ ਵਾਲੇ ਛੀਨੇ ਆ ਗਏ। ਓਥੇ ਸਾਡੀ ਭੂਆ ਵਿਆਹੀ ਹੋਈ ਸੀ। ਇੱਥੇ ਅਸੀਂ ਚਾਰ-ਪੰਜ ਦਿਨ ਰਹੇ। ਆਖ਼ਰ ਉਨ੍ਹਾਂ ਵੀ ਆਖ ਦਿੱਤਾ ਕਿ ਆਪਣਾ ਬਸੇਰਾ ਕਿਧਰੇ ਹੋਰ ਕਰ ਲਓ। ਅਸੀਂ ਅੰਮ੍ਰਿਤਸਰ ਆ ਗਏ। ਸਾਨੂੰ ਕਿਸੇ ਮੁਸਲਮਾਨ ਦਾ ਮਕਾਨ ਲੱਭ ਗਿਆ। ਸਾਡੇ ਕੋਲ ਕੁੱਲ ਬਾਈ ਰੁਪਏ ਸਨ। ਅਸੀਂ ਮੰਡੀ ’ਚੋਂ ਸਬਜ਼ੀ ਖ਼ਰੀਦਣੀ ਤੇ ਸਾਰਿਆਂ ਨੇ ਜੱਲ੍ਹਿਆਂ ਵਾਲੇ ਬਾਗ਼ ਦੇ ਨੇੜੇ ਸੜਕ ’ਤੇ ਬੈਠ ਜਾਣਾ। ਸ਼ਾਮ ਤਕ ਰੋਟੀ ਜੋਗੇ ਰੁਪਏ ਬਣ ਜਾਣੇ। ਉੱਨੀਂ ਸੌ ਬਵੰਜਾ ’ਚ ਅਸੀਂ ਦਿੱਲੀ ਆ ਗਏ। ਬੜੀ ਮਿਹਨਤ ਕੀਤੀ। ਪੈਰਾਂ ’ਤੇ ਖੜ੍ਹੇ ਹੋਏ। ਆਪਣਾ ਕਾਰੋਬਾਰ ਕਰ ਲਿਆ।” ਉਹ ਮਾਣ ਭਰੀ ਮੁਸਕਰਾਹਟ ਨਾਲ ਚੁੱਪ ਹੋ ਗਏ।
“ਮੁੜ ਕਦੇ ਪਿੰਡ ਵੇਖਣ ਦਾ ਮੌਕਾ ਨਹੀਂ ਮਿਲਿਆ?” ਮੈਂ ਸਵਾਲ ਕੀਤਾ।
“ਸੰਨ ਅਠਾਸੀ ’ਚ ਮੈਂ ਨਿਆਮਤ ਅਲੀ ਦੇ ਨਾਂ ਖ਼ਤ ਲਿਖਿਆ ਸੀ। ਮੈਂ ਉਸ ਖ਼ਤ ਉੱਤੇ ਲਿਖਿਆ ਸੀ ਕਿ ਇਹ ਜਿਹਨੂੰ ਵੀ ਮਿਲੇ, ਉਹ ਪੜ੍ਹੇ ਜ਼ਰੂਰ। ਉਹ ਚਿੱਠੀ ਰਹਿਮਤ ਅਲੀ ਟੇਲਰ ਨੂੰ ਮਿਲੀ ਸੀ। ਉਹਨੇ ਚਿੱਠੀ ਪੜ੍ਹੀ ਤੇ ਮੈਨੂੰ ਜਵਾਬ ਵੀ ਦਿੱਤਾ। ਉਹਨੇ ਸਾਰੇ ਪਿੰਡ ਦਾ ਹਾਲ ਲਿਖਿਆ। ਅਫ਼ਸੋਸ ਇਸ ਗੱਲ ਦਾ ਕਿ ਉਹਨੇ ਮੇਰੇ ਦੋਸਤਾਂ ਬਾਰੇ ਕੁਝ ਨਹੀਂ ਸੀ ਲਿਖਿਆ।
ਉਸ ਕੋਲੋਂ ਪਤਾ ਲੱਗਿਆ ਕਿ ਸੰਤਾਲੀ ’ਚ ਜਿਊਣ ਸਿੰਘ ਭਿੰਡਰ, ਇੰਦਰਾ ਪੰਡਤਾਣੀ ਤੇ ਠਾਕੁਰ ਦਾਸ ਖੱਤਰੀ ਪਿੱਛੇ ਰਹਿ ਗਏ ਸਨ। ਲੰਬੜਦਾਰ ਦੇ ਚਾਰ ਪੁੱਤਰਾਂ ’ਚੋਂ ਇਕ ਪਾਲੀ ਸਵਾ ਸਾਲ ਹਿੰਦੋਸਤਾਨ ਰਹਿਣ ਤੋਂ ਬਾਅਦ ਬਾਠਾਂਵਾਲੇ ਮੁੜ ਗਿਆ ਸੀ।
ਪਾਲੀ ਦੇ ਵਾਪਸ ਮੁੜਨ ਤੋਂ ਕੋਈ ਛੇ ਮਹੀਨੇ ਬਾਅਦ ਲੰਬੜਦਾਰ ਜਿਊਣ ਸਿੰਘ ਦਾ ਸਾਰਾ ਟੱਬਰ ਮੁਸਲਮਾਨ ਹੋ ਗਿਆ ਸੀ। ਇਸ ਤੋਂ ਸਾਲ ਕੁ ਬਾਅਦ ਜਿਊਣ ਸਿੰਘ ਹੋਰੀਂ ਦੁਨੀਆਂ ਤੋਂ ਤੁਰ ਗਏ। ਓਸ ਪਿੰਡ ਦੇ ਲੋਕ ਉਨ੍ਹਾਂ ਨੂੰ ਮੌਤ ਤਕ ‘ਸਰਦਾਰ ਸਾਹਿਬ’ ਹੀ ਕਹਿੰਦੇ ਰਹੇ ਸਨ।
ਜ਼ਮੀਨ ਨੂੰ ਲੈ ਕੇ ਪਾਲੀ ਦੀ ਇੱਧਰੋਂ ਉੱਜੜ ਕੇ ਗਏ ਡੋਗਰਾਂ ਨਾਲ ਦੁਸ਼ਮਣੀ ਚੱਲ ਪਈ ਸੀ। ਤਿੰਨ-ਚਾਰ ਵਾਰ ਲੜਾਈ ਹੋਈ। ਫਿਰ ਪਾਲੀ ਨੇ ਉਨ੍ਹਾਂ ਦਾ ਇਕ ਬੰਦਾ ਮਾਰ ਦਿੱਤਾ। ਬਾਅਦ ’ਚ ਡੋਗਰਾਂ ਪਾਲੀ ਦਾ ਕਤਲ ਕਰ ਦਿੱਤਾ। ਪਾਲੀ ਦੀ ਔਲਾਦ ਉਦੋਂ ਲਾਹੌਰ ਪੜ੍ਹਦੀ ਸੀ। ਉਨ੍ਹਾਂ ਸਾਰੀ ਜ਼ਮੀਨ ਵੇਚ ਦਿੱਤੀ ਤੇ ਲਾਹੌਰ ਰਹਿਣ ਲੱਗ ਗਏ। ਉਹਦਾ ਇਕ ਪੁੱਤਰ ਵਕੀਲ ਅਤੇ ਦੂਜਾ ਅਫ਼ਸਰ ਬਣ ਗਿਆ ਸੀ।
ਬਾਠਾਂਵਾਲੇ ਦੇ ਕੁਝ ਭਿੰਡਰਾਂ ਨੂੰ ਲਾਇਲਪੁਰ ਦੇ ਕਿਸੇ ਚੱਕ ’ਚ ਮੁਰੱਬੇ ਵੀ ਮਿਲੇ ਸਨ। ਉਹ ਟੱਬਰ ਵੀ ਓਥੇ ਰਹਿ ਗਏ। ਉਹ ਹਾਲੇ ਵੀ ਸਿੱਖ ਹੀ ਨੇ। ਉਨ੍ਹਾਂ ’ਚੋਂ ਜੱਸੀ ਲਾਇਲਪੁਰੀਆ ਬੜਾ ਪ੍ਰਸਿੱਧ ਗਾਇਕ ਏ।” ਬੇਦੀ ਹੋਰੀਂ ਠੰਢਾ ਹਉਕਾ ਭਰਦਿਆਂ ਚੁੱਪ ਹੋ ਗਏ।
“ਕੋਈ ਖ਼ਾਸ ਗੱਲ ਜੋ ਰਹਿ ਗਈ ਹੋਵੋ?” ਆਖ਼ਰ ’ਚ ਮੈਂ ਇਹ ਸਵਾਲ ਕੀਤਾ।
“ਦਾਈਵਾਲਾ ਦਾ ਜਮਾਲਾ ਭਿੰਡਰ ਬੜਾ ਵੱਡਾ ਬਦਮਾਸ਼ ਸੀ। ਸਾਡੇ ਪਿੰਡ ਵਾਲਾ ਲੱਭੂ ਭਿੰਡਰ ਉਹਦਾ ਖ਼ਾਸ ਦੋਸਤ ਸੀ। ਲੱਭੂ ਦੀ ਹਵੇਲੀ ਦਾਈਵਾਲੇ ਨੂੰ ਜਾਂਦੇ ਰਾਹ ਉੱਤੇ ਸੀ। ਉਹਨੇ ਊਠ ਰੱਖੇ ਹੋਏ ਸਨ। ਉਹ ਬੜੇ ਰੋਹਬ-ਦਾਬ ਵਾਲਾ ਬੰਦਾ ਸੀ। ਜਦੋਂ ਪਾਕਿਸਤਾਨ ਬਣ ਗਿਆ ਤਾਂ ਹਿੰਦੂ-ਸਿੱਖ ਪਿੰਡਾਂ ’ਚੋਂ ਉੱਠ ਕੇ ਇੱਧਰ ਆਉਣ ਦੀਆਂ ਤਿਆਰੀਆਂ ਕਰਨ ਲੱਗੇ। ਇਕ ਸ਼ਾਮ ਜਮਾਲਾ ਆਪਣੇ ਸਾਥੀਆਂ ਨਾਲ ਸਾਡੇ ਪਿੰਡ ਆਇਆ। ਹਵੇਲੀ ਦੇ ਬਾਹਰ ਖੜ੍ਹਾ ਲੱਭੂ ਉਹਨੂੰ ਟੱਕਰ ਗਿਆ। ਲੱਭੂ ਪੁੱਛਣ ਲੱਗਾ-ਓਏ ਜਮਾਲਿਆ, ਤੂੰ ਅੱਜ ਕਿੱਧਰ ਆਇਆਂ ਓਏ?
ਜਮਾਲਾ ਬੋਲਿਆ-ਬਸ ਐਵੇਂ ਕਿਸੇ ਕੰਮ ਚੱਲਿਆਂ!
ਲੱਭੂ ਬੋਲਿਆ- ਜਮਾਲਿਆ, ਤੂੰ ਮੈਨੂੰ ਦੱਸੇ ਬਗੈਰ ਨਹੀਂ ਜਾ ਸਕਦਾ ਕਿ ਤੂੰ ਪਿੰਡ ਅੰਦਰ ਕਾਹਦੇ ਵਾਸਤੇ ਜਾ ਰਿਹਾ? ਜੇਕਰ ਤੂੰ ਗ਼ਲਤ ਨੀਅਤ ਨਾਲ ਜਾ ਰਿਹਾ ਤਾਂ ਮੈਂ ਆਪਣੀ ਦੋਸਤੀ ਵੀ ਭੁੱਲ ਜਾਵਾਂਗਾ।
ਜਮਾਲਾ ਹੱਸ ਕੇ ਬੋਲਿਆ-ਮੈਂ ਆਪਣੇ ਭਿੰਡਰਾਂ ਨੂੰ ਕੁਝ ਨਹੀਂ ਆਖਦਾ। ਮੈਂ ਤਾਂ ਕੁੰਦਨ ਲਾਲ ਪਟਵਾਰੀ ਦੀ ਕੁੜੀ ਚੁੱਕਣ ਆਇਆਂ।
ਲੱਭੂ ਗੁੱਸੇ ’ਚ ਬੋਲਿਆ- ਆਹ ਤਾਂ ਤੂੰ ਬਹੁਤ ਵੱਡੀ ਗੱਲ ਕਰ ਦਿੱਤੀ ਏ ਜਮਾਲਿਆ। ਮੈਂ ਹਾਲੇ ਵੀ ਤੇਰਾ ਲਿਹਾਜ ਕਰਦਾਂ। ਖੈਰ ਚਾਹੁੰਦਾ ਏ ਤਾਂ ਤੂੰ ਪਿਛਾਂਹ ਮੁੜ ਜਾਹ।
ਜਮਾਲਾ ਨਾ ਟਲਿਆ।
ਲੱਭੂ ਨੇ ਟਿਕਾ ਕੇ ਮਾਰੀ ਕਿਰਪਾਨ ਤੇ ਜਮਾਲੇ ਦੀ ਬਾਂਹ ਲਾਹ ਦਿੱਤੀ। ਨਾਲ ਦੇ ਸਾਥੀ ਉਹਨੂੰ ਚੁੱਕ ਕੇ ਲੈ ਗਏ। ਬਾਅਦ ’ਚ ਇਹ ਨਹੀਂ ਪਤਾ ਕਿ ਉਹ ਬਚਿਆ ਕਿ ਮਰ ਗਿਆ! ਬੜੇ ਨਰ ਬੰਦੇ ਸਨ ਸਾਡੇ ਬਾਠਾਂਵਾਲੀਏ ਸਰਦਾਰ!” ਗੱਲ ਮੁਕਾਉਂਦਿਆਂ ਬੇਦੀ ਹੋਰੀਂ ਮਾਣ ’ਚ ਹੱਸੇ ਪਏ।
ਸੰਪਰਕ: 97818-43444