ਮਨੋਜ ਸ਼ਰਮਾ
ਬਠਿੰਡਾ, 14 ਮਾਰਚ
ਨੌਜਵਾਨ ਭਾਰਤ ਸਭਾ ਦੇ ਕਾਰਕੁਨਾਂ ਨੇ ਕੇਂਦਰ ਸਰਕਾਰ ਵੱਲੋਂ ਪ੍ਰਚਾਰੀ ਜਾ ਰਹੀ ਅਖੌਤੀ ਦੇਸ਼ ਭਗਤੀ ਦੀ ਥਾਂ ਖਰੀ ਦੇਸ਼ ਭਗਤੀ ਬੁਲੰਦ ਕਰਨ ਦਾ ਸੱਦਾ ਦਿੰਦਾ ਮਾਰਚ ਕੱਢਿਆ ਅਤੇ ਫ਼ੌਜੀ ਚੌਕ ਵਿੱਚ ਮਨੁੱਖੀ ਕੜੀ ਬਣਾ ਕੇ ਪ੍ਰਦਰਸ਼ਨ ਕੀਤਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਨੌਜਵਾਨਾਂ ਨੇ ਪਹਿਲਾਂ ਅੰਬੇਡਕਰ ਪਾਰਕ ਵਿੱਚ ਇਕੱਤਰ ਹੋ ਕੇ ਰੈਲੀ ਕੀਤੀ ਤੇ ਮਗਰੋਂ ਮਾਰਚ ਕਰਦਿਆਂ ਫ਼ੌਜੀ ਚੌਕ ਤੱਕ ਪੁੱਜੇ, ਜਿੱਥੇ ਉਨ੍ਹਾਂ ਮਨੁੱਖੀ ਕੜੀ ਬਣਾ ਕੇ ਸਾਮਰਾਜ ਅਤੇ ਇਸ ਦੀ ਚਾਕਰੀ ਕਰਦੇ ਭਾਰਤੀ ਹਾਕਮਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਸੂਬਾ ਜਥੇਬੰਦਕ ਸਕੱਤਰ ਅਸ਼ਵਨੀ ਘੁੱਦਾ ਨੇ ਕਿਹਾ ਕਿ ਪਹਿਲਾਂ ਹੀ ਵੱਡੀ ਗਿਣਤੀ ਨੌਜਵਾਨ ਦੇਸ਼ ਦੇ ਨਿੱਘਰ ਰਹੇ ਆਰਥਿਕ ਤੇ ਸਮਾਜਿਕ ਹਾਲਾਤ ਕਰਕੇ ਵਿਦੇਸ਼ਾਂ ਨੂੰ ਜਾ ਰਹੇ ਹਨ ਤੇ ਇਹ ਕਨੂੰਨ ਲਾਗੂ ਹੋਣ ਨਾਲ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਹੋਰ ਵੱਧ ਹਨੇਰੇ ਵੱਲ ਧੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਾਰਪੋਰੇਟਾਂ ਤੋਂ ਜ਼ਮੀਨਾਂ ਬਚਾਉਣ ਦਾ ਸੰਘਰਸ਼ ਹੀ ਨਹੀਂ, ਸਗੋਂ ਸਰਕਾਰੀ ਰਾਸ਼ਨ ਦੀ ਡਿੱਪੂ ਪ੍ਰਣਾਲੀ ਬਚਾਉਣ, ਐੱਫਸੀਆਈ, ਫੂਡ ਸਪਲਾਈ, ਪਨਗ੍ਰੇਨ, ਵੇਅਰਹਾਊਸ ਵਰਗੇ ਸਰਕਾਰੀ ਅਦਾਰਿਆਂ ਵਿੱਚ ਰੁਜ਼ਗਾਰ ਬਚਾਉਣ ਦਾ ਸੰਘਰਸ਼ ਵੀ ਹੈ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਲੋਕਾਂ ਵਿੱਚ ਫਿਰਕੂ ਵੰਡੀਆਂ ਪਾ ਕੇ ਸੰਘਰਸ਼ ਨੂੰ ਲੀਹੋਂ ਲਾਹੁਣ ਦੇ ਮਨਸੂਬੇ ਘੜ ਰਹੀ ਹੈ ਪਰ ਲੋਕ ਉਸ ਦੇ ਇਹ ਮਨਸੂਬੇ ਪੂਰੇ ਨਹੀਂ ਹੋਣ ਦੇਣਗੇ।
ਅੱਜ ਦੇ ਪ੍ਰੋਗਰਾਮ ਵਿੱਚ ਸਰਬਜੀਤ ਮੌੜ, ਬਲਕਰਨ ਸਿੰਘ, ਜਸਕਰਨ ਕੋਟਗੁਰੂ, ਅਮਿਤੋਜ ਮੌੜ, ਸੁਖਵੀਰ ਖੇਮੋਆਣਾ, ਬਲਜਿੰਦਰ ਕੌਰ, ਸੁਖਪ੍ਰੀਤ ਕੌਰ ਆਦਿ ਹਾਜ਼ਰ ਸਨ।