ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 14 ਮਾਰਚ
ਕਿਰਤੀ ਕਿਸਾਨ ਯੂਨੀਅਨ ਵੱਲੋਂ ਔਰਤਾਂ ਨੂੰ ਚੇਤੰਨ ਅਤੇ ਲਾਮਬੰਦ ਕਰਨ ਲਈ ਇੱਥੇ ਟੀਚਰਜ਼ ਹੋਮ ਵਿੱਚ ਵਰਕਸ਼ਾਪ ਲਾਈ ਗਈ। ਇਸ ਦੌਰਾਨ ਆਗੂਆਂ ਨੇ ਦੱਸਿਆ ਕਿ ਔਰਤਾਂ ਨੂੰ ਸੰਘਰਸ਼ ਦੇ ਮੈਦਾਨ ਵਿੱਚ ਲਿਆਉਣ ਲਈ ਪਿੰਡ-ਪਿੰਡ ਔਰਤ ਕਿਸਾਨ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਇਸੇ ਸਬੰਧ ’ਚ ਇਹ ਵਰਕਸ਼ਾਪ ਲਾਈ ਗਈ ਹੈ। ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਨੇ ਇਸ ਮੌਕੇ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਪਿਛਲੇ ਵੀਹ ਸਾਲਾਂ ਤੋਂ ਸੰਸਾਰ ਵਪਾਰ ਸੰਸਥਾ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਹੱਥ ਲਿਖਤਾਂ ਅਤੇ ਕਿਤਾਬਾਂ ਜਾਰੀ ਕਰ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ’ਕੱਲੀ-’ਕੱਲੀ ਲਿਖ਼ਤ ਸਾਬਤ ਹੋ ਰਹੀ ਹੈ ਕਿ ਸੰਸਾਰ ਵਪਾਰ ਸੰਸਥਾ ਦੀਆਂ ਨੀਤੀਆਂ ਜ਼ੋਰਦਾਰ ਢੰਗ ਨਾਲ ਭਾਰਤ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਹਰ ਖੇਤਰ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਝਬੇਲਵਾਲੀ ਨੇ ਔਰਤ ਨੂੰ ਸੰਘਰਸ਼ਾਂ ਦੇ ਪਿੜ ਵਿੱਚ ਆਉਣ ਦਾ ਸੱਦਾ ਦਿੱਤਾ। ਵਰਕਸ਼ਾਪ ’ਚ ਔਰਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ ਅਤੇ ਉਨ੍ਹਾਂ ਆਉਂਦੇ ਦਿਨਾਂ ’ਚ ਕੇਂਦਰ ਸਰਕਾਰ ਵਿਆਪਕ ਸੰਘਰਸ਼ ਛੇੜਨ ਦਾ ਐਲਾਨ ਕੀਤਾ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਮਰਜੀਤ ਹਨੀ ਭੁੱਚੋ, ਸਵਰਨ ਸਿੰਘ ਪੂਹਲੀ, ਔਰਤ ਵਿੰਗ ਭੁੱਚੋ ਦੇ ਪ੍ਰਧਾਨ ਮਨਜੀਤ ਕੌਰ, ਪਿਆਰੋ ਤੇ ਜੋਤੀ ਖ਼ਾਨ ਆਦਿ ਹਾਜ਼ਰ ਸਨ।