ਪੱਤਰ ਪ੍ਰੇਰਕ
ਬਠਿੰਡਾ, 20 ਜੁਲਾਈ
ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਵਾਰਿਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਦੇ ਮੱਦੇਨਜ਼ਰ ਡੀ.ਏ.ਵੀ. ਸਕੂਲ ਬਠਿੰਡਾ ਦੇ ਸਹਿਯੋਗ ਨਾਲ ਸਥਾਨਕ ਆਰ.ਬੀ.ਡੀ.ਏ.ਵੀ. ਸਕੂਲ ਵਿੱਚ ਇਕ ਰੋਜ਼ਾ ‘ਵਾਰਤਾ-ਵਰਕਸ਼ਾਪ’ ਕਰਵਾਈ ਗਈ। ਇਸ ਮੌਕੇ ਨਾਮਵਾਰ ਇਤਿਹਾਸਕਾਰ ਡਾ. ਸੁਮੇਲ ਸਿੰਘ ਸਿੱਧੂ ਤੋਂ ਇਲਾਵਾ ਜ਼ਿਲ੍ਹੇ ਦੇ ਤਕਰੀਬਨ 60 ਸਕੂਲਾਂ ਤੇ ਕਾਲਜਾਂ ਦੇ ਪੰਜਾਬੀ ਲੈਕਚਰਾਰਾਂ ਨੇ ਭਾਗ ਲਿਆ। ਇਸ ਮੌਕੇ ਮੁੱਖ ਵਾਰਤਾਕਾਰ ਡਾ. ਸੁਮੇਲ ਸਿੰਘ ਸਿੱਧੂ ਨੇ ਕਿਹਾ ਕਿ ਵਾਰਿਸ ਸ਼ਾਹ ਦੀ ਸ਼ਾਹਕਾਰ ਰਚਨਾ ‘ਹੀਰ’ ਦੀ ਵੱਖ-ਵੱਖ ਸੰਦਰਭਾਂ ਵਿੱਚ ਵਿਆਖਿਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ‘ਹੀਰ’ ਇਕ ਪ੍ਰੇਮ ਕਹਾਣੀ ਹੀ ਨਹੀਂ, ਸਗੋਂ ਇਸ ਤੋਂ ਉੱਪਰ ਇਹ ਪੰਜਾਬੀ ਸਾਹਿਤ ਅਤੇ ਇਸ ਦੇ ਅਮੀਰ ਸੱਭਿਆਚਾਰ ਦੀ ਤਰਜ਼ਮਾਨੀ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਚੜ੍ਹਦੇ ਪੰਜਾਬ ਦੀ ਤ੍ਰਾਸਦੀ ਹੈ ਕਿ ਸਮੇਂ-ਸਮੇਂ ਦੇ ਇੱਥੋਂ ਦੇ ਇਤਿਹਾਸਕਾਰਾਂ ਅਤੇ ਬੁੱਧੀਜੀਵੀਆਂ ਨੇ ਇਸ ਲਾਸਾਨੀ ਕਿੱਸੇ ਨੂੰ ਔਰਤ ਮਰਦ ਦੇ ਇਸ਼ਕ ਤੱਕ ਸੀਮਤ ਕਰ ਦਿੱਤਾ, ਜਦੋਂ ਕਿ ਇਸ ਦੀ ਪਹੁੰਚ ਇਸ਼ਕ ਹਕੀਕੀ ਤੱਕ ਹੈ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਬੋਲਦਿਆਂ ਕਿਹਾ ਕਿ ਭਾਸ਼ਾ ਵਿਭਾਗ ਹਮੇਸ਼ਾਂ ਹੀ ਇਸ ਤਰ੍ਹਾਂ ਦੇ ਉਪਰਾਲੇ ਕਰਨ ਲਈ ਵਚਨਬੱਧ ਹੈ।