ਸ਼ਗਨ ਕਟਾਰੀਆ
ਬਠਿੰਡਾ, 12 ਫਰਵਰੀ
ਬਠਿੰਡਾ (ਸ਼ਹਿਰੀ) ਹਲਕੇ ਤੋਂ ਕਾਂਗਰਸੀ ਉਮੀਦਵਾਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪ੍ਰਚਾਰ ਪੀਂਘ ਆਏ ਦਿਨ ਅੰਬਰੀਂ ਉਡਾਰੀਆਂ ਲਾਉਣ ਲੱਗੀ ਹੈ। ਅੱਜ ਉਨ੍ਹਾਂ ਵੱਲੋਂ ਸ਼ਹਿਰ ਦਾ ਤੂਫ਼ਾਨੀ ਦੌਰਾ ਕੀਤਾ ਗਿਆ। ਸ਼ਹਿਰ ਦੀ ਆਵਾ ਆਵਾ ਬਸਤੀ, ਅਮਰੀਕ ਸਿੰਘ ਰੋਡ, ਉੱਦਮ ਸਿੰਘ ਨਗਰ, ਮਾਡਲ ਟਾਊਨ ਫੇਸ 3, ਗਰੀਨ ਸਿਟੀ ਅਤੇ ਵਾਰਡ ਨੰਬਰ 31 ਵਿੱਚ ਭਰਵੇਂ ਚੋਣ ਜਲਸੇ ਹੋਏ। ਸ੍ਰੀ ਬਾਦਲ ਨੇ ਕਾਂਗਰਸ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਉਲੀਕੀਆਂ ਰਾਹਤ ਦੇਣ ਵਾਲੀਆਂ ਸਕੀਮਾਂ ਅਤੇ ਬਠਿੰਡਾ ਸ਼ਹਿਰ ਦੇ ਕਰਵਾਏ ਵਿਕਾਸ ਕੰਮਾਂ ਦਾ ਜ਼ਿਕਰ ਕਰਦਿਆਂ ਦੂਜੀ ਵਾਰ ਕਾਂਗਰਸ ਦੀ ਸਰਕਾਰ ਬਣਾਉਣ ਲਈ ਵੋਟ ਫ਼ਤਵਾ ਮੰਗਿਆ। ਉਨ੍ਹਾਂ ਕਿਹਾ ਕਿ ਆਉਂਦੇ ਪੰਜ ਸਾਲਾਂ ਵਿੱਚ ਬਠਿੰਡਾ ਨੂੰ ਪੰਜ ਤਾਰਾ ਸ਼ਹਿਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਲੋਕ ਪੱਖੀ ਸੋਚ ਦੇ ਮੁਕਾਬਲੇ ਵਿਰੋਧੀਆਂ ਕੋਲ ਕੋਈ ਏਜੰਡਾ ਨਹੀਂ। ਉਨ੍ਹਾਂ ਕਿਹਾ ਕਿ ‘ਮੈਂ ਪੰਜ ਸਾਲ ਪਹਿਲਾਂ ਜੋ ਕਿਹਾ ਸੀ, ਉਹ ਕੰਮ ਪੂਰੇ ਕਰਕੇ ਵਿਖਾਏ ਹਨ ਅਤੇ ਇਸੇ ਲਈ ਉਹ ਕਾਂਗਰਸ ਲਈ ਵੋਟ ਮੰਗਦੇ ਹਨ’। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਰਥਿਕਤਾ ਪੱਖੋਂ ਮਜ਼ਬੂਤ ਬਣਾਉਣ ਲਈ ਕਾਂਗਰਸ ਸਰਕਾਰ ਨੇ ਪੂਰੀ ਜ਼ਿੰਮੇਵਾਰੀ ਨਿਭਾਈ, ਜਿਸ ਕਰਕੇ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਅਤੇ ਵੱਡੀਆਂ ਰਾਹਤਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਿਕਾਸ ਲਹਿਰ ਨੂੰ ਨਿਰੰਤਰ ਜਾਰੀ ਰੱਖਣ ਅਤੇ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਲਈ ਉਹ ਸ਼ਹਿਰ ਵਾਸੀਆਂ ਤੋਂ ਵੋਟ ਮੰਗਦੇ ਹਨ।