ਪੱਤਰ ਪ੍ਰੇਰਕ
ਬਠਿੰਡਾ, 30 ਜੁਲਾਈ
ਪੰਜਾਬ ਦੇ ਆਜ਼ਾਦੀ ਘੁਲਾਟੀਆਂ, ਰੱਖਿਆ ਸੇਵਾਵਾਂ, ਫੂਡ ਪ੍ਰੋਸੈਸਿੰਗ ਤੇ ਬਾਗਬਾਨੀ ਬਾਰੇ ਮੰਤਰੀ ਫੌਜਾ ਸਿੰਘ ਸਰਾਰੀ ਨੇ ਅੱਜ ਇੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਇਸ ਦੌਰਾਨ ਸ੍ਰੀ ਸਰਾਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਹੋਰ ਸਖ਼ਤ ਕੀਤੀ ਜਾਵੇਗੀ ਅਤੇ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਵਿਸ਼ੇਸ਼ ਉੱਦਮ ਕੀਤੇ ਜਾ ਰਹੇ ਹਨ ਅਤੇ ਆਜ਼ਾਦੀ ਘੁਲਾਟੀਆਂ ਨੂੰ ਉਨ੍ਹਾਂ ਦਾ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਵਾਤਾਵਰਣ ਦੀ ਸ਼ੁੱਧਤਾ ਨੂੰ ਬਣਾਈ ਰੱਖਣ ਲਈ ਨਹਿਰਾਂ, ਸੂਇਆਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਬੂਟੇ ਲਾਉਣ ਦੀ ਗੱਲ ਵੀ ਆਖੀ। ਉਨ੍ਹਾਂ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
ਉਨ੍ਹਾਂ ਬਾਗਬਾਨੀ ਵਿਭਾਗ ਦੇ ਦਫ਼ਤਰ ਦਾ ਦੌਰਾ ਕੀਤੀ ਤੇ ਡਿਪਟੀ ਡਾਇਰੈਕਟਰ ਗੁਰਸ਼ਰਨ ਸਿੰਘ ਨੂੰ ਹਦਾਇਤ ਕੀਤੀ ਕਿ ਬਾਗਬਾਨੀ ਨੂੰ ਪ੍ਰਫੁੱਲਿਤ ਕਰਨ ਲਈ ਹੰਭਲੇ ਮਾਰੇ ਜਾਣ। ਉਨ੍ਹਾਂ ਦਫਤਰ ਦੇ ਰਿਕਾਰਡ ਤੋ ਇਲਾਵਾ ਵਿਭਾਗ ਵੱਲੋਂ ਕੀਤੀ ਜਾ ਰਹੀ ਕਾਰਗੁਜ਼ਾਰੀ ਦੀ ਬਾਰੀਕੀ ਨਾਲ ਜਾਂਚ ਕੀਤੀ। ਉਨ੍ਹਾਂ ਸਟਾਫ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੀਆ ਸਮੱਸਿਆਵਾਂ ਵੀ ਸੁਣੀਆਂ।
ਇਸ ਮੌਕੇ ਉਨ੍ਹਾਂ ਬਾਗਬਾਨੀ ਦਫਤਰ ਵਿੱਚ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਲਈ ਇੱਕ ਬੂਟਾ ਵੀ ਲਗਾਇਆ ਅਤੇ ਮੌਜੂਦ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੇ ਫੂਲ ਵਿੱਚ ਸਥਿਤ ਬੇਰੀਆਂ ਬਗੀਚੀ ਦਾ ਦੌਰਾ ਕਰ ਕੇ ਬਗੀਚੀ ਵਿੱਚ ਲੱਗੇ ਫ਼ਲਾਂ ਦਾ ਨਿਰੀਖਣ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਾਗ ਨੂੰ ਸਾਫ਼-ਸੁਥਰਾ ਰੱਖਿਆ ਜਾਵੇ ਅਤੇ ਪੌਦਿਆਂ ਨੂੰ ਸਮੇਂ-ਸਿਰ ਪਾਣੀ ਦੇਣਾ ਯਕੀਨੀ ਬਣਾਇਆ ਜਾਵੇ।
ਇਸ ਤੋਂ ਪਹਿਲਾਂ ਮੰਤਰੀ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੰਜਾਬ ਪੁਲੀਸ ਦੀ ਟੁੱਕੜੀ ਨੇ ਗਾਰਡ ਆਫ ਆਨਰ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਰਾਮਪੁਰਾ ਫੂਲ ਬਲਕਾਰ ਸਿੰਘ ਸਿੱਧੂ, ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ ਤੇ ਅਧਿਕਾਰੀ ਵੀ ਹਾਜ਼ਰ ਸਨ।