ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 17 ਅਕਤੂਬਰ
ਇੱਥੇ ਟੀਚਰਜ਼ ਹੋਮ ਵਿੱਚ ਮੀਟਿੰਗ ਕਰਨ ਪੁੱਜੇ ਸੇਵਾ ਕੇਂਦਰ ਮੁਲਾਜ਼ਮਾਂ ਨੇ ਪ੍ਰਚੱਲਿਤ ਰਵਾਇਤ ਦੇ ਉਲਟ ਹਾਕਮਾਂ ਅਤੇ ਹਕੂਮਤ ਦੀ ‘ਜ਼ਿੰਦਾਬਾਦ’ ਕਰਕੇ ਸੁਣਨ/ਵੇਖਣ ਵਾਲਿਆਂ ਨੂੰ ਹੈਰਾਨ ਕਰ ਦਿੱਤਾ। ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ’ਚ ਸ਼ਿਰਕਤ ਕਰਨ ਪੁੱਜੇ ਜਥੇਬੰਦੀ ਦੇ ਆਗੂਆਂ ਅਵਤਾਰ ਅਕਬਰਪੁਰ, ਬਲਜਿੰਦਰ ਸਿੰਘ ਮਾਝਾ, ਬਲਜਿੰਦਰ ਸਿੰਘ ਚਹਿਲਾਂ ਵਾਲੀ ਆਦਿ ਨੇ ਇਸ ਰੌਚਿਕ ਵਰਤਾਰੇ ਬਾਰੇ ਖੁਲਾਸਾ ਕੀਤਾ ਕਿ ‘ਮੁੱਖ ਮੰਤਰੀ ਭਗਵੰਤ ਸਿੰਘ ਮਾਨ-ਜ਼ਿੰਦਾਬਾਦ’ ਅਤੇ ‘ਪੰਜਾਬ ਸਰਕਾਰ-ਜ਼ਿੰਦਾਬਾਦ’ ਦੇ ਨਾਅਰੇ ਇਸ ਲਈ ਗੂੰਜਾਏ ਗਏ ਕਿਉਂਕਿ ਮੁੱਖ ਮੰਤਰੀ ਨੇ ਅਕਸਰ ਸਟੇਜਾਂ ਤੋਂ ਕਿਹਾ ਕਰਦੇ ਸਨ ਕਿ ‘ਆਊਟਸੋਰਸ ਕੰਪਨੀਆਂ ਸਰਕਾਰ ਤੋਂ 26 ਹਜ਼ਾਰ ਮਾਸਿਕ ਲੈ ਕੇ ਅੱਗੇ ਮੁਲਾਜ਼ਮਾਂ ਨੂੰ 8 ਹਜ਼ਾਰ ਰੁਪਏ ਦੀ ਅਦਾਇਗੀ ਕਰਦੀਆਂ ਹਨ।’ ਉਨ੍ਹਾਂ ਕਿਹਾ ਕਿ ਸਰਕਾਰ ਦੇ ਪ੍ਰਤੀਨਿਧ ਦਾ ਅਜਿਹਾ ਨਜ਼ਰੀਆ ਸਰਕਾਰ ਦੀ ਸ਼ੋਸ਼ਣ ਦੇ ਸ਼ਿਕਾਰ ਮੁਲਾਜ਼ਮ ਤਬਕੇ ਪ੍ਰਤੀ ਚੰਗੀ ਸੋਚ ਦੀ ਹਾਮੀ ਭਰਦਾ ਹੈ। ਆਗੂਆਂ ਨੇ ਨਾਲ ਹੀ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਸੇਵਾ ਕੇਂਦਰ ਦੇ ਆਊਟਸੋਰਸ ਕਰਮਚਾਰੀਆਂ ਦੀਆਂ ਸੇਵਾਵਾਂ ਜਲਦੀ ਰੈਗੂਲਰ ਕੀਤੀਆਂ ਜਾਣ। ਉਨ੍ਹਾਂ ਹੋਰਨਾਂ ਸਰਕਾਰੀ ਦਫ਼ਤਰਾਂ ਦੀ ਤਰਜ਼ ’ਤੇ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 9 ਤੋਂ ਸ਼ਾਮ 5 ਵਜੇ ਦਾ ਕਰਨ ਅਤੇ ਉਨ੍ਹਾਂ ਵਾਂਗ ਹੀ ਛੁੱਟੀਆਂ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਖ਼ਾਤਰ ਉਹ ਜਲਦੀ ਹੀ ਸਰਕਾਰ ਦੇ ਕੁਝ ਮੰਤਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚ ਬਣਾ ਕੇ ਮੀਟਿੰਗਾਂ ਦਾ ਸਮਾਂ ਲੈਣਗੇ।