ਪੱਤਰ ਪ੍ਰੇਰਕ
ਬਠਿੰਡਾ, 8 ਜੂਨ
ਸਰਹਿੰਦ ਕੈਨਾਲ ਨਹਿਰ ਦੀ ਬੰਦੀ ਚੱਲ ਰਹੀ ਹੈ, ਸ਼ਹਿਰ ਵਿਚ ਪਾਣੀ ਦਾ ਸੰਕਟ ਗਰਮਾ ਗਿਆ ਹੈ। ਅੱਜ 16 ਦਿਨ ਹੋ ਗਏ ਹਨ, ਗਰਮੀ ਦੇ ਮੌਸਮ ’ਚ ਜਲ ਘਰਾਂ ਦੇ ਟੈਂਕ ਸੁੱਕਣ ਕਿਨਾਰੇ ਹਨ। ਸ਼ਹਿਰ ਵਾਸੀਆਂ ਦੇ ਵਫਦ ਨੂੰ ਐਸਡੀਓ ਬਿਕਰਮਜੀਤ ਸਿੰਘ ਨੇ ਦੱਸਿਆ ਹੈ ਉਨ੍ਹਾਂ ਕੋਲ ਸਿਰਫ਼ ਕੁਝ ਦਿਨਾਂ ਦਾ ਹੀ ਪਾਣੀ ਸਟੋਰ ਹੁੰਦਾ ਹੈ ਪਰ ਪਾਣੀ ਦੀ ਕਿੱਲਤ ਦੇ ਮੱਦੇਨਜ਼ਰ ਭੇਜੀ ਮੰਗ ਪ੍ਰਤੀ ਨਹਿਰੀ ਵਿਭਾਗ ਧਿਆਨ ਨਹੀਂ ਦੇ ਰਿਹਾ।
ਉੱਧਰ, ਜਲ ਸਪਲਾਈ ਵਿਭਾਗ ਦਾ ਹੈੱਡ ਵਾਟਰ ਵਰਕਸ ਦਾ ਵੀ ਹਾਲ ਇਹੀ ਹੈ। ਸੂਤਰਾਂ ਨੇ ਦੱਸਿਆ ਕਿ ਹੈੱਡ ਵਾਟਰ ਵਰਕਸ ਕੋਲ ਵੀ ਚਾਰ ਦਿਨਾਂ ਦਾ ਸਟੋਰ ਕੀਤਾ ਗਿਆ ਪਾਣੀ ਰਹਿ ਗਿਆ ਹੈ। ਪਾਣੀ ਸੰਕਟ ਨੂੰ ਦੇਖਦਿਆਂ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਇਕਾਈ ਬਠਿੰਡਾ ਦੇ ਪ੍ਰਧਾਨ ਬੱਗਾ ਸਿੰਘ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਅਤੇ ਪ੍ਰੈੱਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਹਿਰ ਬੰਦੀ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਬਠਿੰਡਾ ਸ਼ਹਿਰ ਤੇ ਨੇੜਲੇ ਇਲਾਕਿਆਂ ਵਿੱਚ ਪਾਣੀ ਦੀਆਂ ਜ਼ਰੂਰਤਾਂ ਨੂੰ ਪ੍ਰਸ਼ਾਸਨ ਨੇ ਪੂਰਾ ਕਰਨ ਦੇ ਪਹਿਲਾਂ ਢੁੱਕਵੇਂ ਬੰਦੋਬਸਤ ਨਹੀਂ ਕੀਤੇ ਜਿਸ ਕਰਕੇ ਜਲ ਘਰਾਂ ਵਿੱਚ ਪਾਣੀ ਦੇ ਭੰਡਾਰ ਦੀ ਸਮਰੱਥਾ ਲੰਮੀ ਨਹਿਰੀ ਬੰਦੀ ਦੇ ਮੁਕਾਬਲੇ ਨਿਗੂਣੀ ਸਿੱਧ ਹੋਈ ਹੈ ਅਜਿਹਾ ਹਰ 6 ਮਹੀਨਿਆਂ ਬਾਅਦ ਨਹਿਰੀ ਬੰਦੀਆਂ ਸਮੇਂ ਸਾਹਮਣੇ ਆ ਰਿਹਾ ਹੈ।
ਨਹਿਰੀ ਵਿਭਾਗ ਤੇ ਮਿਊਂਸਪਲ ਕਾਰਪੋਰੇਸ਼ਨ ਵੱਲੋਂ ਇਸ ਸਬੰਧੀ ਠੋਸ ਪ੍ਰਬੰਧ ਨਹੀਂ ਕੀਤੇ ਗਏ। ਬਠਿੰਡਾ ਸ਼ਹਿਰ ਵਿੱਚ ਨਹਿਰੀ ਬੰਦੀ ਸਮੇਂ ਨਹਿਰਾਂ ਦਾ ਪਾਣੀ ਭੰਡਾਰ ਕਰਨ ਵਾਲੀਆਂ ਡਿੱਗੀਆਂ ਦੀ ਸਫਾਈ ਕਿਧਰੇ ਵੀ ਨਜ਼ਰ ਨਹੀਂ ਆ ਰਹੀ।
ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਪ੍ਰਸ਼ਾਸਨ ਵੱਲੋਂ ਨਹਿਰੀ ਪਾਣੀ ਦੀ ਬੰਦੀ ਦਾ ਕੋਈ ਸਮਾਂ ਨਿਰਧਾਰਤ ਹੀ ਨਹੀਂ ਕੀਤਾ ਜਾਂਦਾ ਬਲਕਿ ਲੋਕਾਂ ਦੀਆਂ ਪਾਣੀ ਦੀਆਂ ਲੋੜਾਂ ਨੂੰ ਅੱਖੋਂ ਪਰੋਖੇ ਕਰਦਿਆਂ ਇਸ ਨੂੰ ਅੱਗੇ ਵਧਾ ਦਿੱਤਾ ਜਾਂਦਾ ਹੈ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਲਾਇਨੋਂ ਪਾਰ ਸ਼ਹਿਰ ਦੀਆਂ ਬਸਤੀਆਂ ਜਿਵੇਂ ਅਮਰਪੁਰਾ, ਸੰਜੇ ਨਗਰ, ਵਰਤਮਾਨ ਕਲੋਨੀ, ਜਨਤਾ ਨਗਰ, ਪਰਸ ਰਾਮ ਨਗਰ, ਲਾਲ ਸਿੰਘ ਬਸਤੀ, ਸੁੱਖਪੀਰ ਰੋਡ, ਮੁਲਤਾਨੀਆ ਰੋਡ ਦੇ ਇਲਾਕਿਆਂ ਵਿੱਚ ਤਾਂ ਸਾਰਾ ਸਾਲ ਹੀ ਪਾਣੀ ਦੀ ਕਿੱਲਤ ਚੱਲਦੀ ਰਹਿੰਦੀ ਹੈ ਜੋ ਹੁਣ ਬਹੁਤ ਹੀ ਗੰਭੀਰ ਹੋ ਗਈ ਹੈ। ਪਾਣੀ ਦੀ ਲੋੜ ਪੂਰੀ ਕਰਨ ਵਿਚ ਹੀ ਰੁੱਝੇ ਰਹਿਣ ਕਾਰਨ ਲੋਕਾਂ ਦਾ ਰੁਜ਼ਗਾਰ ਪ੍ਰਭਾਵਤ ਹੋ ਰਿਹਾ ਹੈ।
ਅੱਗਾ ਦੌੜ ਪਿੱਛਾ ਚੌੜ
ਜਮਹੂਰੀ ਅਧਿਕਾਰ ਸਭਾ ਨੇ ਨਗਰ ਨਿਗਮ ਨੂੰ ਕਟਹਿਰੇ ਵਿੱਚ ਖੜ੍ਹੇ ਕਰਦੇ ਹੋਏ ਕਿਹਾ ਸ਼ਹਿਰ ਵਿੱਚ ਪਾਣੀ ਦਾ ਭੰਡਾਰ ਕਰਨ ਲਈ ਪਾਣੀ ਦੇ ਟੈਂਕ ਪਿਛਲੇ ਕਈ ਸਾਲਾਂ ਤੋਂ ਮੁਰੰਮਤ ਲਈ ਖਾਲੀ ਰੱਖੇ ਪਏ ਹਨ। ਉਨ੍ਹਾਂ ਦੀ ਕੋਈ ਮੁਰੰਮਤ ਵੀ ਨਹੀਂ ਹੋਈ ਅਤੇ ਪਾਣੀ ਦਾ ਭੰਡਾਰ ਵੀ ਨਹੀਂ ਕੀਤਾ ਗਿਆ।
ਕੀ ਕਹਿੰਦੇ ਨੇ ਐਕਸੀਅਨ
ਇਸ ਸਬੰਧੀ ਨਹਿਰੀ ਵਿਭਾਗ ਦੇ ਐਕਸੀਅਨ ਗੁਰਸਾਗਰ ਸਿੰਘ ਚਹਿਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 14 ਜੂਨ ਤਕ ਨਹਿਰ ਬੰਦੀ ਲਾਈ ਗਈ ਹੈ ਅਤੇ ਨਹਿਰ ਵਿਚ ਕੰਮ ਵੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਨਹਿਰ ਵਿੱਚ ਪਾਣੀ ਜਲਦੀ ਤੋਂ ਜਲਦੀ ਛੁਡਵਾਇਆ ਜਾਵੇ।