ਮਨੋਜ ਸ਼ਰਮਾ
ਬਠਿੰਡਾ, 26 ਫਰਵਰੀ
ਬਠਿੰਡਾ ਦੇ ਇਤਿਹਾਸਿਕ ਪਿੰਡ ਲੱਖੀ ਜੰਗਲ ਨਜ਼ਦੀਕ ਇੱਕ ਤੇਜ਼ ਰਫ਼ਤਾਰ ਟਰੱਕ ਵੱਲੋਂ ਇੱਕ ਮੋਟਰਸਾਈਕਲ ਸਵਾਰ ਨੂੰ ਦਰੜ ਦਿੱਤਾ। ਇਸ ਦੁਰਘਟਨਾ ਵਿੱਚ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਮੌਤ ਹੋਣ ਕਾਰਨ ਮਾਮਲਾ ਭਖ ਗਿਆ। ਜਾਣਕਾਰੀ ਅਨੁਸਾਰ ਸਵੇਰ 9 ਵਜੇ ਜਦੋਂ ਇੱਕ ਮੋਟਰਸਾਈਕਲ ਸਵਾਰ ਗੋ ਨਿਆਣਾ ਤੋਂ ਲੱਖੀ ਜੰਗਲ ਪਿੰਡ ਵੱਲ ਜਾ ਰਿਹਾ ਸੀ ਤਾਂ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਪਿੰਡ ਦੇ ਬੱਸ ਸਟੈਂਡ ਨੇੜੇ ਪਿੱਛੇ ਤੋਂ ਟੱਕਰ ਮਾਰੀ ਦਿੱਤੀ ਤੇ ਟਰੱਕ ਚਾਲਕ ਮੌਕੇ ’ਤੇ ਫਰਾਰ ਹੋ ਗਿਆ।
ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ (35) ਪੁੱਤਰ ਗੁਰਮੇਲ ਸਿੰਘ ਵਾਸੀ ਦਿਆਲਪੁਰਾ ਭਾਈ ਕਾ ਵਜੋਂ ਹੋਈ ਹੈ। ਮ੍ਰਿਤਕ ਭਗਵਤੀ ਟਰੇਡਰਜ਼ ਜੀਦੇ ਵਿੱਚ ਬਤੌਰ ਮੁਨੀਮ ਦੇ ਤੌਰ ’ਤੇ ਕੰਮ ਕਰਦਾ ਸੀ। ਦੁਰਘਟਨਾ ਤੋਂ ਖ਼ਫ਼ਾ ਹੋਏ ਪਿੰਡ ਲੱਖੀ ਜੰਗਲ ਵਾਸੀ ਅਤੇ ਕਿਸਾਨਾਂ ਨੇ ਜਥੇਬੰਦੀ ਬੀਕੇਯੂ ਸਿੱਧੂਪੁਰ ਦੀ ਅਗਵਾਈ ਵਿੱਚ ਇਕੱਠ ਹੋ ਕੇ ਉਕਤ ਟਰੱਕ ਦੀ ਪੜਤਾਲ ਕਰਵਾਉਣ ਲਈ ਕੰਡੇ ਤੱਕ ਪਹੁੰਚ ਕੀਤੀ ਤਾਂ ਕੰਡਾਂ ਮਾਲਕਾ ਨੇ ਟਰੱਕ ਦੀ ਜਾਣਕਾਰੀ ਡਿਲੀਟ ਕਰ ਦਿੱਤੀ।
ਪਿੰਡ ਦੇ ਲੋਕਾਂ ਨੇ ਪੁਲੀਸ ’ਤੇ ਦੋਸ਼ ਲਗਾਏ ਕਿ ਮਿਲੀਭੁਗਤ ਕਾਰਨ ਸਥਾਨਕ ਪੁਲੀਸ ਟਰੱਕ ਚਾਲਕ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਥਾਣਾ ਨੇਹੀਆਂਵਾਲਾ ਦੇ ਇੰਸਪੈਕਟਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਗਗਨਦੀਪ ਸਿੰਘ ਦੇ ਪਿਤਾ ਗੁਰਮੇਲ ਸਿੰਘ ਦੇ ਬਿਆਨ ’ਤੇ ਟਰੱਕ ਡਰਾਈਵਰ ਬਿਰਜ ਕੁਮਾਰ, ਧਰਮ ਕੰਡੇ ਦੇ ਮਾਲਕ ਡਿੰਪਲ ਕੁਮਾਰ ਅਤੇ ਪੱਪੂ ਠੇਕੇਦਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ।