ਸ਼ਗਨ ਕਟਾਰੀਆ
ਬਠਿੰਡਾ, 14 ਜੂਨ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪੇਂਡੂ ਖੇਤਰਾਂ ਵਿੱਚ ਖੇਤੀਬਾੜੀ ਬਿਜਲੀ ਕੁਨੈਕਸ਼ਨਾਂ ਦਾ ਲੋਡ ਵਧਾਉਣ ਲਈ ‘ਵਾਲੰਟਰੀ ਡਿਸਕਲੋਜ਼ਰ ਸਕੀਮ’ (ਵੀਡੀਐੱਸ) ਸਬੰਧੀ ਕੈਂਪ ਲਾਏ ਜਾ ਰਹੇ ਹਨ। ਕਾਰਪੋਰੇਸ਼ਨ ਦੇ (ਪੱਛਮੀ ਜ਼ੋਨ) ਬਠਿੰਡਾ ਦੀਆਂ ਡਿਵੀਜ਼ਨਾਂ ਵੱਲੋਂ ਕੁੱਲ 75 ਵੀਡੀਐੱਸ ਕੈਂਪ ਲਾਏ ਗਏ ਅਤੇ 484 ਖਪਤਕਾਰਾਂ ਵੱਲੋਂ ਸਕੀਮ ਤਹਿਤ ਆਪਣਾ 1785.5 ਬੀਐੱਚਪੀ ਲੋਡ ਐਲਾਨਿਆ ਗਿਆ। ਇਸ ਮੌਕੇ ਕੁੱਲ 48,05,520 ਰੁਪਏ ਦੀ ਰਾਸ਼ੀ ਸਰਵਿਸ ਕੁਨੈਕਸ਼ਨ ਚਾਰਜ ਅਤੇ ਸ਼ੁਰੂਆਤੀ ਸਕਿਉਰਿਟੀ ਵਜੋਂ ਵਸੂਲੀ ਗਈ। ਬਠਿੰਡਾ ਜ਼ੋਨ ’ਚ ਬਠਿੰਡਾ, ਫ਼ਰੀਦਕੋਟ, ਫਿਰੋਜ਼ਪੁਰ ਤੇ ਮੁਕਤਸਰ ਸਰਕਲਾਂ ਵਿੱਚ ਇਹ ਕੈਂਪ ਲਾਏ ਗਏ। ਬਠਿੰਡਾ ਸਰਕਲ ਵਿੱਚ ਕੈਂਪਾਂ ਦੌਰਾਨ 109 ਖਪਤਕਾਰਾਂ ਨੇ ਵੀਡੀਐੱਸ ਸਕੀਮ ਦਾ ਲਾਭ ਲਿਆ ਹੈ ਅਤੇ ਕੁੱਲ 502.5 ਬੀਐੱਚਪੀ ਦਾ ਲੋਡ ਐਲਾਨਿਆ ਗਿਆ ਹੈ। ਸਕੀਮ ਤਹਿਤ ਸਰਵਿਸ ਕੁਨੈਕਸ਼ਨ ਚਾਰਜ ਅਤੇ ਸ਼ੁਰੂਆਤੀ ਸਕਿਉਰਿਟੀ ਵਜੋਂ 13,68,252 ਰੁਪਏ ਦੀ ਰਾਸ਼ੀ ਵਸੂਲੀ ਗਈ। ਫ਼ਰੀਦਕੋਟ ਸਰਕਲ ਅਧੀਨ ਵੱਖ-ਵੱਖ ਡਿਵੀਜ਼ਨਾਂ ’ਚ ਕੈਂਪ ਲਾਏ ਗਏ ਜਿਨ੍ਹਾਂ ਦੌਰਾਨ ਕੁੱਲ 51 ਖ਼ਪਤਕਾਰਾਂ ਵੱਲੋਂ ਸਕੀਮ ਦਾ ਫ਼ਾਇਦਾ ਲਿਆ ਗਿਆ ਅਤੇ ਕੁੱਲ 195 ਬੀਐੱਚਪੀ ਦਾ ਲੋਡ ਐਲਾਨਿਆ ਗਿਆ। ਇਸ ਸਰਕਲ ’ਚ ਕੁੱਲ 5,26,750 ਰੁਪਏ ਦੀ ਰਾਸ਼ੀ ਸਰਵਿਸ ਕੁਨੈਕਸ਼ਨ ਚਾਰਜ ਅਤੇ ਸ਼ੁਰੂਆਤੀ ਸਕਿਉਰਿਟੀ ਵਜੋਂ ਵਸੂਲੀ ਗਈ। ਇਸੇ ਤਰ੍ਹਾਂ ਫਿਰੋਜ਼ਪੁਰ ਸਰਕਲ 207 ਖਪਤਕਾਰਾਂ ਵੱਲੋਂ ਸਕੀਮ ਦਾ ਫ਼ਾਇਦਾ ਲੈਂਦਿਆਂ 751 ਬੀਐੱਚਪੀ ਦਾ ਲੋਡ ਐਲਾਨਿਆ ਗਿਆ ਅਤੇ ਸਰਵਿਸ ਕੁਨੈਕਸ਼ਨ ਚਾਰਜ ਤੇ ਸ਼ੁਰੂਆਤੀ ਸਕਿਉਰਿਟੀ ਵਜੋਂ 20,34,300 ਰੁਪਏ ਦੀ ਰਾਸ਼ੀ ਵਸੂਲੀ ਗਈ। ਮੁਕਤਸਰ ਸਰਕਲ ’ਚ 117 ਖਪਤਕਾਰਾਂ ਵੱਲੋਂ ਆਪਣਾ ਲੋਡ ਵੀਡੀਐੱਸ ਸਕੀਮ ਤਹਿਤ 337 ਬੀਐੱਚਪੀ ਐਲਾਨਿਆ ਗਿਆ ਅਤੇ ਸਰਵਿਸ ਕੁਨੈਕਸ਼ਨ ਚਾਰਜ ਤੇ ਸ਼ੁਰੂਆਤੀ ਸਕਿਉਰਿਟੀ ਵਜੋਂ 8,76,218 ਰੁਪਏ ਦੀ ਰਾਸ਼ੀ ਵਸੂਲੀ ਗਈ।
ਬਠਿੰਡਾ ਪੱਛਮੀ ਜ਼ੋਨ ਦੇ ਚੀਫ਼ ਇੰਜੀਨੀਅਰ ਮੱਸਾ ਸਿੰਘ ਨੇ ਖੇਤੀਬਾੜੀ ਕੁਨੈਕਸ਼ਨਾਂ ਦੇ ਖਪਤਕਾਰਾਂ ਨੂੰ ਵਧ-ਚੜ੍ਹ ਕੇ ਇਸ ਸਕੀਮ ਦਾ ਵੱਧ ਤੋਂ ਵੱਧ ਫ਼ਾਇਦਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸਿਰਫ਼ 2700 ਰੁਪਏ ਦੀ ਅਦਾਇਗੀ ਕਰ ਕੇ ਲੋਡ ਵਧਾਇਆ ਜਾ ਸਕਦਾ ਹੈ ਅਤੇ ਸਾਰੇ ਦਸਤਾਵੇਜ਼ ਮੌਕੇ ’ਤੇ ਹੀ ਪੂਰੇ ਜਮ੍ਹਾਂ ਕਰ ਕੇ ਐਂਟਰੀ ਕੀਤੀ ਜਾਂਦੀ ਹੈ।