ਪੱਤਰ ਪ੍ਰੇਰਕ
ਬਠਿੰਡਾ, 1 ਦਸੰਬਰ
ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਬਠਿੰਡਾ ਵੱਲੋਂ ਐੱਨਐੱਚਐੱਮ ਕਾਮਿਆਂ ਦੇ ਹੱਕ ਵਿੱਚ ਅੱਜ ਇੱਥੇ ਸਿਵਲ ਸਰਜਨ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਅਫਸਰਾਂ ਨੇ ਐੱਨਐੱਚਐੱਮ ਕਾਮਿਆਂ ਦੇ ਕੰਮ ਦੇ ਬਲਬੂਤੇ ਹੀ ਸਰਕਾਰ ਤੋਂ ਸ਼ਾਬਾਸ਼ੀ ਹਾਸਿਲ ਕੀਤੀ ਹੈ, ਅੱਜ ਜਦੋਂ ਇਨ੍ਹਾਂ ਦੀਆਂ ਮੰਗਾਂ ਦੇ ਹੱਲ ਦੀ ਵਾਰੀ ਆਈ ਹੈ ਤਾਂ ਡਾਇਰੈਕਟਰ ਸਿਹਤ ਸੇਵਾਵਾਂ ਐੱਨਐੱਚਐੱਮ ਕਾਮਿਆਂ ਦੇ ਵਿਰੋਧ ਵਿੱਚ ਭੁਗਤ ਰਿਹਾ ਹੈ। ਉਨ੍ਹਾਂ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ।
ਇਸ ਮੌਕੇ ਜਗਦੀਪ ਸਿੰਘ ਵਿਰਕ, ਜਸਵਿੰਦਰ ਸ਼ਰਮਾ, ਭੁਪਿੰਦਰ ਕੌਰ ਤਲਵੰਡੀ, ਪਰਮਜੀਤ ਕੌਰ, ਵਰਿੰਦਰ ਕੌਰ, ਕੁਲਦੀਪ ਕੌਰ ਆਦਿ ਹਾਜ਼ਰ ਸਨ।
ਬਰਨਾਲਾ (ਖੇਤਰੀ ਪ੍ਰਤੀਨਿਧ/ ਨਿੱਜੀ ਪੱਤਰ ਪ੍ਰੇਰਕ): ਕੌਮੀ ਸਿਹਤ ਮਿਸ਼ਨ ਤਹਿਤ ਸਿਹਤ ਵਿਭਾਗ ਪੰਜਾਬ ’ਚ ਕੰਮ ਕਰਦੇ ਸਮੂਹ ਮੁਲਾਜ਼ਮਾਂ ਦੀ ਹੜਤਾਲ ਜਾਰੀ ਹੈ। ਸਿਵਲ ਹਸਪਤਾਲ ਦੇ ਪਾਰਕ ’ਚ ਇਕੱਤਰ ਹੋਏ ਸਿਹਤ ਮੁਲਾਜ਼ਮਾਂ ਵੱਲੋਂ ਚੰਨੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ। ਇਸ ’ਚ ਠੇਕਾ ਆਧਾਰਤ ਡਾਕਟਰ, ਸਟਾਫ ਨਰਸਾਂ, ਕਮਿਊਨਿਟੀ ਹੈਲਥ ਅਫਸਰ, ਏਐਨਐਮਜ਼, ਦਫ਼ਤਰੀ ਮੁਲਾਜ਼ਮ ਤੇ ਫਾਰਮਾਸਿਸਟ ਨੇ ਸ਼ਮੂਲੀਅਤ ਕੀਤੀ। ਐੱਨਐੱਚਐੱਮ ਐਂਪਲਾਈਜ਼ ਯੂਨੀਅਨ ਦੇ ਜ਼ਿਲ੍ਹਾ ਆਗੂ ਕਮਲਜੀਤ ਕੌਰ ਪੱਤੀ, ਸੰਦੀਪ ਕੌਰ ਸੀਐਚਓ, ਸੁਖਪਾਲ ਸਿੰਘ, ਰੁਪਿੰਦਰ ਕੌਰ ਨੇ ਸੰਬੋਧਨ ਕੀਤਾ। ਇਸੇ ਦੌਰਾਨ ਸਿਹਤ ਵਿਭਾਗ ਦੇ ਰੈਗੂਲਰ ਮੁਲਾਜ਼ਮਾਂ ਦੀਆਂ ਸਮੂਹ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਐੱਨਐੱਚਐੱਮ ਮੁਲਾਜ਼ਮਾਂ ਦੇ ਸੰਘਰਸ਼ ਨੂੰ ਹਮਾਇਤ ਦਾ ਐਲਾਨ ਕੀਤਾ ਗਿਆ ਹੈ।
ਸਰਕਾਰ ਖ਼ਿਲਾਫ਼ ਵੋਟਰ ਜਾਗਰੂਕ ਰੈਲੀਆਂ ਕਰਨ ਦਾ ਐਲਾਨ
ਮਾਨਸਾ (ਪੱਤਰ ਪ੍ਰੇਰਕ): ਐੱਨਐੱਚਐੱਮ ਐਂਪਲਾਈਜ਼ ਯੂਨੀਅਨ ਵੱਲੋਂ ਰੈਗੂਲਰ ਕਰਨ ਦੀ ਮੰਗ ਨੂੰ ਲੈਕੇ 16 ਨਵੰਬਰ ਤੋਂ ਆਰੰਭੀ ਕੰਮ ਛੱਡੋ ਹੜਤਾਲ ਲਗਾਤਾਰ ਅੱਜ ਵੀ ਜਾਰੀ ਰੱਖਦਿਆਂ ਦਫ਼ਤਰ ਸਿਵਲ ਸਰਜਨ ਮਾਨਸਾ ਅੱਗੇ ਧਰਨਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਤੇ ਸਿਹਤ ਮੰਤਰੀ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਸੂਬਾ ਆਗੂ ਜਗਦੇਵ ਸਿੰਘ ਮਾਨ ਨੇ ਦੱਸਿਆ ਕਿ ਕਿਹਾ ਕਿ ਸੂਬਾ ਸਰਕਾਰ ਨੇ ਐੱਨਐੱਚਐੱਮ ਅਧੀਨ ਕੰਮ ਕਰਦੇ ਸਿਹਤ ਕਰਮਚਾਰੀਆਂ ਨੂੰ ਰੈਗੂਲਰ ਕਰਨ ਤੋਂ ਸਾਫ਼ ਮਨ੍ਹਾਂ ਕੀਤਾ ਗਿਆ ਹੈ, ਜੋ ਨਿੰਦਨਯੋਗ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਅੜੀਅਲ ਰਵੱਈਆ ਨਹੀਂ ਛੱਡਦੀ ਤਾਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਖਿਲਾਫ਼ ਮੁਹਿੰਮ ਵਿੱਢ ਕੇ ਵੋਟਰ ਜਾਗਰੂਕ ਰੈਲੀਆਂ ਕੱਢੀਆਂ ਜਾਣਗੀਆਂ। ਇਸ ਮੌਕੇ ਕਿਰਨਜੀਤ ਕੌਰ ਜਵਾਹਰਕੇ, ਮਨਦੀਪ ਕੌਰ ਠੂਠਿਆਂਵਾਲੀ, ਡਾ. ਵਿਸ਼ਵਜੀਤ ਸਿੰਘ, ਚਾਨਣ ਸਿੰਘ, ਕੇਵਲ ਸਿੰਘ, ਹਰਪ੍ਰੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।