ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 29 ਅਪਰੈਲ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਵਿਚ ਯੂਨੀਵਰਸਿਟੀ ਕਾਲਜ ਘੁੱਦਾ ਦੇ ਵਿਦਿਆਰਥੀਆਂ ਦੇ ਵਫ਼ਦ ਨੇ ਕਾਲਜ ਵਿੱਚ ਪਾਣੀ ਦੀ ਸਮੱਸਿਆ ਦੇ ਹੱਲ ਲਈ ਅੱਜ ਇਥੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਵਿਚ ਲੰਮੇ ਸਮੇਂ ਤੋਂ ਪਾਣੀ ਦੀ ਸਮੱਸਿਆ ਹੈ। ਦੋ ਹਜ਼ਾਰ ਤੋਂ ਉੱਪਰ ਕਾਲਜ ਦੇ ਵਿਦਿਆਰਥੀ ਬਿਨਾਂ ਫ਼ਿਲਟਰ ਕੀਤਾ ਜ਼ਮੀਨੀ ਪਾਣੀ ਪੀਂਦੇ ਹਨ, ਜੋ ਕਿ ਕੈਂਸਰ ਵਰਗੀਆਂ ਅਨੇਕਾਂ ਬਿਮਾਰੀਆਂ ਦਾ ਇੱਕ ਕਾਰਨ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਤੋਂ ਵੀ ਇਸ ਸਬੰਧੀ ਮੰਗ ਕੀਤੀ ਗਈ ਸੀ। ਵਫ਼ਦ ਨੇ ਡੀ.ਸੀ. ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਲਈ ਵਾਟਰ ਕੂਲਰ ਸਮੇਤ ਸਾਫ਼ ਅਤੇ ਫਿਲਟਰ ਕੀਤੇ ਹੋਏ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਨਹਿਰੀ ਪਾਣੀ ਦੀ ਸਪਲਾਈ ਦੇ ਕੱਟੇ ਕੁਨੈਕਸ਼ਨ ਨੂੰ ਮੁੜ ਬਹਾਲ ਕੀਤਾ ਜਾਵੇ। ਉਨ੍ਹਾਂ ਮੁਤਾਬਿਕ ਡਿਪਟੀ ਕਮਿਸ਼ਨਰ ਵੱਲੋਂ ਵਫ਼ਦ ਨੂੰ ਪੰਦਰਾਂ ਦਿਨਾਂ ਵਿੱਚ ਮਸਲੇ ਦਾ ਹੱਲ ਕਰਨ ਦਾ ਯਕੀਨ ਦਿੱਤਾ ਹੈ। ਵਫ਼ਦ ਵਿਚ ਵਿਦਿਆਰਥੀ ਆਗੂ ਜਗਦੀਸ਼ ਸਿੰਘ, ਮਨਵੀਰ ਕੌਰ, ਮਨਪ੍ਰੀਤ ਕੌਰ, ਕਾਜਲ ਅਤੇ ਵੀਰਪਾਲ ਕੌਰ ਸ਼ਾਮਲ ਸਨ।