ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 5 ਸਤੰਬਰ
ਪਸ਼ੂਆਂ ਦੇ ਲਾਉਣ ਵਾਲੇ ਟੀਕਿਆਂ ਨੂੰ ਗੈਰ-ਕਾਨੂੰਨੀ ਤੌਰ ’ਤੇ ਘਰ ’ਚ ਹੀ ਫੈਕਟਰੀ ਬਣਾ ਕੇ ਤਿਆਰ ਕਰਨ ਵਾਲੇ ਦੋ ਵਿਅਕਤੀਆਂ ਨੂੰ ਥਾਣਾ ਕੈਨਾਲ ਕਲੋਨੀ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਟੀਕਿਆਂ ਨੂੰ ਵੱਖ-ਵੱਖ ਥਾਵਾਂ ’ਤੇ ਅਸਲੀ ਦੱਸ ਕੇ ਵੇਚਦੇ ਸਨ। ਵੇਰਵਿਆਂ ਮੁਤਾਬਿਕ ਪੁਲੀਸ ਨੇ ਪ੍ਰਸ਼ੋਤਮ ਦਾਸ ਅਤੇ ਪ੍ਰਮਿੰਦਰਪਾਲ ਸਿੰਘ (ਦੋਵੇਂ ਵਾਸੀ ਪਰਸਰਾਮ ਨਗਰ ਬਠਿੰਡਾ) ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਆਪਣੇ ਘਰ ’ਚ ਹੀ ਗੈਰਕਾਨੂੰਨੀ ਤੌਰ ’ਤੇ ਪਸ਼ੂਆਂ ਦੇ ਦੁੱਧ ਵਧਾਉਣ ਵਾਲੇ ਅਤੇ ਸਬਜ਼ੀਆਂ ਦਾ ਆਕਾਰ ਵਧਾਉਣ ਵਾਲੇ ਟੀਕੇ ਤਿਆਰ ਕਰਦੇ ਸਨ। ਡੀਐੱਸਪੀ ਸਿਟੀ-1 ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਮੌਕੇ ਤੋਂ 3000 ਖਾਲੀ ਸ਼ੀਸ਼ੀਆਂ ਸਮੇਤ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟੀਕਿਆਂ ਨੂੰ ਅਸਲੀ ਦੱਸ ਕੇ ਅੱਗੇ ਵੇਚਿਆ ਜਾਂਦਾ ਸੀ।