ਮਨੋਜ ਸ਼ਰਮਾ
ਬਠਿੰਡਾ, 12 ਮਈ
ਅੱਜ ਸਵੇਰ ਵੇਲੇ ਗੋਨਿਆਣਾ ਲੱਖੀ ਜੰਗਲ ਰੋਡ ’ਤੇ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਟਰੱਕ ਡਰਾਈਵਰਾਂ ਨੇ ਸੜਕ ਤੋਂ ਲੰਘ ਰਹੇ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਖ਼ਿਲਾਫ਼ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਅੱਜ ਐੱਫਸੀਆਈ ਦੇ ਠੇਕੇਦਾਰ ਬਲਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਉਸ ਕੋਲ ਸੈਸ਼ਨ 2021-22 ਦਾ ਰੇਲਵੇ ਦੀ ਢੋਆ ਢੁਆਈ ਦਾ ਠੇਕਾ ਹੈ ਅਤੇ ਹਲਕਾ ਵਿਧਾਇਕ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਲੱਖਾਂ ਰੁਪਏ ਦੀ ਮੋਟੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ।
ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅੱਜ ਜਦੋਂ ਸਵੇਰ ਵੇਲੇ ਸਪੈਸ਼ਲ ਲੱਗੀ ਹੋਈ ਸੀ ਅਤੇ ਉਹ ਬਾਲਾਜੀ ਗੁਦਾਮਾਂ ਤੋਂ ਟਰੱਕਾਂ ਰਾਹੀਂ ਚੌਲਾਂ ਦੀ ਲੋਡਿੰਗ ਕਰ ਰਹੇ ਸਨ ਤਾਂ ਸਥਾਨਕ ਨੇਹੀਆਂਵਾਲਾ ਪੁਲੀਸ ਨੇ ਉਨ੍ਹਾਂ ਦੇ ਟਰੱਕਾਂ ਨੂੰ ਰੋਕ ਕੇ ਕਾਗਜ਼ਾਤ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਜਿਸ ਦੀ ਵਜ੍ਹਾ ਕਾਰਨ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਠੇਕੇਦਾਰ ਨੇ ਇਹ ਵੀ ਦੋਸ਼ ਲਾਏ ਕਿ ਇਸ ਤੋਂ ਪਹਿਲਾਂ ਵੀ ਸਪੈਸ਼ਲ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਕਾਰਨ ਉਹ ਪ੍ਰੇਸ਼ਾਨ ਹਨ। ਸੂਤਰਾਂ ਅਨੁਸਾਰ ਜਦੋਂ ਟਰੱਕਾਂ ਦੀ ਚੈਕਿੰਗ ਚੱਲ ਰਹੀ ਸੀ ਤਾਂ ਉੱਧਰ ਹਲਕੇ ਦੇ ਵਿਧਾਇਕ ਦੌਰਾ ਕਰਕੇ ਉਹ ਸੜਕ ਤੋਂ ਗੁਜ਼ਰ ਰਹੇ ਸਨ। ਉਹ ਗੱਡੀ ਰੋਕ ਕੇ ਟਰੱਕਾਂ ਦੇ ਖੜ੍ਹੇ ਹੋਣ ਦਾ ਕਾਰਨ ਪੁੱਛਣ ਲੱਗੇ ਤਾਂ ਟਰੱਕ ਅਪਰੇਟਰ ਐੱਮਐੱਲਏ ਸਾਹਿਬ ’ਤੇ ਭੜਕ ਗਏ। ਇਸ ਮੌਕੇ ਟਰੱਕ ਅਪਰੇਟਰ ਗੁਰਟੇਕ ਸਿੰਘ, ਲੀਲਾ ਸਿੰਘ, ਲਖਵਿੰਦਰ ਸਿੰਘ, ਗੁਰਤੇਜ ਸਿੰਘ, ਗਗਨ ਮੱਕੜ, ਜਸਪ੍ਰੀਤ ਸਿੰਘ ਜੱਸੀ ਨੇ ਹਲਕਾ ਵਿਧਾਇਕ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਵਿਧਾਇਕ ਸਾਹਿਬ ਜਾਣ ਬੁੱਝ ਕੇ ਡਰਾਮਾ ਕਰ ਰਹੇ ਹਨ ਜਦੋਂਕਿ ਉਨ੍ਹਾਂ ਵੱਲੋਂ ਭੁੱਚੋ ਦੇ ਆੜ੍ਹਤੀਆਂ ਨਾਲ ਮਿਲ ਕੇ ਐੱਫਸੀਆਈ ਦੇ ਸਪੈਸ਼ਲ ਠੇਕੇਦਾਰ ਬਲਵਿੰਦਰ ਸਿੰਘ ਲਵਲੀ ਨੂੰ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਹੈ। ਅੱਜ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਚੌਲ ਲੋਡਿੰਗ ਦਾ ਸਪੈਸ਼ਲ ਕੰਮ ਠੱਪ ਰਿਹਾ ਅਤੇ ਟਰੱਕ ਡਰਾਈਵਰਾਂ ਨੇ ਆਪਣੇ ਟਰੱਕ ਸੜਕ ’ਤੇ ਲਗਾ ਕੇ ਰਸਤਾ ਰੋਕੀ ਰੱਖਿਆ।
ਇਸ ਮੌਕੇ ਟਰੱਕ ਅਪਰੇਟਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੀ ਅਜਿਹਾ ਹੀ ਬਦਲਾਅ ਲੈ ਕੇ ਆਈ ਹੈ। ਸਵੇਰ ਤੋਂ ਦੁਪਹਿਰ ਤੱਕ ਇਹ ਮਾਮਲਾ ਵਧਦਾ ਦੇਖ ਕੇ ਆਰਟੀਓ ਬਲਵਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਸਪੈਸ਼ਲ ਲਈ ਲੱਗੇ ਟਰੱਕਾਂ ਨੂੰ ਦੁਬਾਰਾ ਸਪੈਸ਼ਲ ਲੋਡਿੰਗ ਲਈ ਰਵਾਨਾ ਕੀਤਾ।
ਰਿਸ਼ਵਤ ਮੰਗਣ ਦੇ ਸਬੂਤ ਪੇਸ਼ ਕਰੇ ਠੇਕੇਦਾਰ: ਵਿਧਾਇਕ
ਇਸ ਸਬੰਧੀ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਹਲਕੇ ਦਾ ਦੌਰਾ ਕਰਕੇ ਵਾਪਸ ਲੰਘ ਰਹੇ ਸਨ ਤਾਂ ਟਰੱਕਾਂ ਵੱਲੋਂ ਸੜਕ ਜਾਮ ਕੀਤੀ ਹੋਈ ਸੀ। ਜਦੋਂ ਉਨ੍ਹਾਂ ਨੂੰ ਟਰੱਕ ਪਾਸੇ ਕਰਕੇ ਸੜਕ ਖਾਲੀ ਕਰਨ ਲਈ ਕਿਹਾ ਤਾਂ ਉਨ੍ਹਾਂ ਵੱਲੋਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਕਿਹਾ ਇਹ ਮਾਮਲਾ ਟਰੱਕ ਯੂਨੀਅਨ ਨਾਲ ਸਬੰਧਤ ਹੈ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਜਦੋਂ ਠੇਕੇਦਾਰ ਬਲਵਿੰਦਰ ਸਿੰਘ ਵੱਲੋਂ ਲੱਖਾਂ ਰੁਪਏ ਦੀ ਮੋਟੀ ਰਿਸ਼ਵਤ ਮੰਗਣ ਦੇ ਲਾਏ ਦੋਸ਼ਾਂ ਬਾਰੇ ਪੁੱਛਿਆ ਤਾਂ ਵਿਧਾਇਕ ਨੇ ਨਕਾਰਦੇ ਹੋਏ ਕਿਹਾ ਕਿ ਕਿ ਠੇਕੇਦਾਰ ਸਬੂਤ ਪੇਸ਼ ਕਰੇ ਕਿ ਉਨ੍ਹਾਂ ਨੇ ਪੈਸਿਆਂ ਦੀ ਮੰਗ ਕੀਤੀ ਹੈ ਤਾਂ ਉਹ ਵਿਧਾਇਕ ਦੇ ਅਹੁੰਦੇ ਤੋਂ ਅਸਤੀਫਾ ਦੇ ਦੇਣਗੇ।