ਸ਼ਗਨ ਕਟਾਰੀਆ
ਜੈਤੋ, 17 ਫਰਵਰੀ
ਬਠਿੰਡਾ ਸ਼ਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਲੋਕਾਂ ਨੂੰ ਪੰਜਾਬ ਦੀ ਨੌਜਵਾਨੀ ਦਾ ਵਾਸਤਾ ਪਾਉਂਦਿਆਂ ਭਾਵੁਕ ਅਪੀਲ ਕੀਤੀ ਕਿ ਰੋਜ਼ੀ-ਰੋਟੀ ਖ਼ਾਤਰ ਵਿਦੇਸ਼ ਗਏ ਜਿਗਰ ਦੇ ਟੋਟਿਆਂ ਨੂੰ ਮਾਪਿਆਂ ਦੀਆਂ ਅੱਖਾਂ ਸਾਹਵੇਂ ਲਿਆਉਣ ਲਈ ‘ਆਪ’ ਦਾ ਸਮਰਥਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਾਰੀ ਬੰਨ੍ਹ ਕੇ ਪੰਜਾਬ ਨੂੰ ਚੂੰਡ ਰਹੀਆਂ ਗਿਰਝਾਂ ਨੇ ਬੇਰੁਜ਼ਗਾਰ ਜਵਾਨੀ ਨੂੰ ਵਿਦੇਸ਼ਾਂ ’ਚ ਜਾਣ ਅਤੇ ਨਸ਼ਿਆਂ ਦੇ ਲੜ ਲੱਗਣ ਲਈ ਮਜਬੂਰ ਕੀਤਾ ਹੋਇਆ ਹੈ। ਅੱਜ ਇੱਥੇ ਅਨਾਜ ਮੰਡੀ ’ਚ ਆੜ੍ਹਤੀਆਂ ਤੇ ਦੁਕਾਨਦਾਰਾਂ ਕੋਲ ਸਮਰਥਨ ਲੈਣ ਪਹੁੰਚੇ ਸ੍ਰੀ ਗਿੱਲ ਨੇ ਕਿਹਾ ਦੇਸ਼ ਜਾਂ ਰਾਜਾਂ ਦੀ ਉੱਚ ਪੱਧਰੀ ਸਿੱਖਿਆ, ਚੰਗੀਆਂ ਸਿਹਤ ਸਹੂਲਤਾਂ ਅਤੇ ਵਧੀਆ ਰੁਜ਼ਗਾਰ ਦੀ ਬੁਨਿਆਦ ਨਾਲ ਹੁੰਦੀ ਹੈ। ਉਨ੍ਹਾਂ ਕਿਹਾ ਇਹ ਸਹੂਲਤਾਂ ਦੇਣਾ ਸਰਕਾਰਾਂ ਦਾ ਫ਼ਰਜ਼ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਮਹੂਰੀਅਤ ਦੀ ਆੜ ’ਚ ਸੱਤ ਦਹਾਕਿਆਂ ਤੋਂ ਪੰਜਾਬ ’ਚ ਤਾਨਾਸ਼ਾਹ ਬਣੇ ਰਵਾਇਤੀ ਹਾਕਮ ਵੋਟਰਾਂ ਨਾਲ ਛਲਾਵਾ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਵਿਆਪਕ ਤਬਦੀਲੀ ਦਾ ਮੌਕਾ ਹੈ, ਜੋ ਪੰਜਾਬੀਆਂ ਨੇ ਲਿਆਉਣੀ ਹੈ।
ਸਿੰਗਲਾ ਦੇ ਪੁੱਤਰ ਨੇ ਲੋਕਾਂ ਤੋਂ ਸਹਿਯੋਗ ਮੰਗਿਆ
ਬਠਿੰਡਾ (ਪੱਤਰ ਪ੍ਰੇਰਕ): ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਉਨ੍ਹਾਂ ਦੇ ਪੁੱਤਰ ਦੀਨਵ ਸਿੰਗਲਾ ਨੇ ਅੱਜ ਲਾਈਨੋ ਪਾਰ ਇਲਾਕੇ ਦੇ ਮੁੱਖ ਬਾਜ਼ਾਰਾਂ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਵੱਖ ਵੱਖ ਵਿੰਗਾਂ ਦੇ ਅਹੁਦੇਦਾਰ ਅਤੇ ਵਰਕਰਾਂ ਦੇ ਸਹਿਯੋਗ ਨਾਲ ਪੈਦਲ ਯਾਤਰਾ ਕੀਤੀ ਅਤੇ ਲੋਕਾਂ ਕੋਲੋਂ ਸਹਿਯੋਗ ਮੰਗਿਆ। ਉਨ੍ਹਾਂ ਆਖਿਆ ਕਿ ਇਸ ਖੇਤਰ ਵਿਚ ਪਹਿਲਾਂ ਨਾਲੋਂ ਵੀ ਵੱਧ ਵਿਕਾਸ ਕਰਵਾਇਆ ਜਾਵੇਗਾ।