ਮਨੋਜ ਸ਼ਰਮਾ
ਬਠਿੰਡਾ, 4 ਅਕਤੂਬਰ
ਇਥੇ ਨਾਟਿਅਮ ਪੰਜਾਬ ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ਕਲਾ ਪਰਿਸ਼ਦ ਅਤੇ ਸੰਗੀਤ ਨਾਟਕ ਅਕਾਦਮੀ ਦੇ ਸਾਂਝੇ ਸਹਿਯੋਗ ਨਾਲ ਬਠਿੰਡਾ ਦੇ ਐੱਮਅਰਐੱਸਪੀਟੀਯੂ ਕੈਂਪਸ ਵਿੱਚ ਕਰਵਾਏ ਜਾ ਰਹੇ 15 ਰੋਜ਼ਾ 11ਵੇਂ ਕੌਮੀ ਨਾਟਕ ਮੇਲੇ ਦੀ ਤੀਸਰੀ ਸ਼ਾਮ ਪੰਜਾਬ ਸੰਗੀਤ ਨਾਟਕ ਅਕਾਦਮੀ ਦੀ ਟੀਮ ਵੱਲੋਂ ਨਾਰਵੇ ਲੇਖਕ ਹਰਨਿਕ ਇਬਸੇਨ ਦੇ ਲਿਖੇ ਨਾਟਕ ਦਾ ਪੰਜਾਬੀ ਰੂਪਾਂਤਰਣ ‘ਦੁਸ਼ਮਣ’ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ। ਨਾਟਕ ’ਚ ਦੱਸਿਆ ਗਿਆ ਦੂਸ਼ਿਤ ਹੋ ਰਹੇ ਜ਼ਮੀਨਦੋਜ਼ ਪਾਣੀ ਤੇ ਪੈਕਿੰਗ ਵਾਲਾ ਪਾਣੀ ਖਤਰਨਾਕ ਹੈ ਪਰ ਪੈਕਿੰਗ ਵਾਲਾ ਪ੍ਰਾਜੈਕਟ ਸਰਮਾਏਦਾਰਾਂ ਤੇ ਸਿਆਸੀ ਲੋਕਾਂ ਲਈ ਸੋਨੇ ਦੀ ਖਾਣ ਹੈ, ਜਿਸ ’ਚੋਂ ਉਹ ਕਰੋੜਾਂ ਰੁਪਏ ਕਮਾ ਰਹੇ ਨੇ। ਇਸ ਮੌਕੇ ਪਹੁੰਚੇ ਵਿਸ਼ੇਸ਼ ਮਹਿਮਾਨਾਂ ਵਿੱਚ ਐੱਮਅਰਐੱਸਪੀਟੀਯੂ ਦੇ ਰਜਿਸਟਰਾਰ ਡਾ. ਜੀਪੀ ਐਸ ਬਰਾੜ, ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਐਸੋਸੀਏਟ ਮੈਂਬਰ ਜਸਪਾਲ ਮਾਨਖੇੜਾ ਸ਼ਾਮਲ ਸਨ, ਉਨ੍ਹਾਂ ਨਾਲ ਮੌਜੂਦ ਪੈਰਿਸ ਸਿਟੀ ਬਠਿੰਡਾ ਤੋਂ ਸਮਾਜਸੇਵੀ ਅਰਜਿਤ ਗੋਇਲ ਵੱਲੋਂ ਇੱਕ ਲੱਖ ਰੁਪੱਏ ਜਦਕਿ ਕਲਾ ਪ੍ਰੇਮੀ ਅਸ਼ੋਕ ਕਾਂਸਲ ਐੱਮਡੀ ਮਹਾਂਸ਼ਕਤੀ ਐਨਰਜੀ ਲਿਮੀਟਡ ਵੱਲੋਂ 51 ਹਜ਼ਾਰ ਦੀ ਵਿੱਤੀ ਮੱਦਦ ਦਾ ਐਲਾਨ ਕੀਤਾ ਗਿਆ।