ਮਨੋਜ ਸ਼ਰਮਾ
ਬਠਿੰਡਾ, 25 ਅਪਰੈਲ
ਗੋਨਿਆਣਾ ਨਜ਼ਦੀਕੀ ਪਿੰਡ ਅਮਰਗੜ੍ਹ ਨੇੜੇ ਕੋਟ ਰਜਵਾਹਾ ਟੁੱਟਣ ਕਾਰਨ ਖੇਤਾਂ ਵਿਚ ਪਾਣੀ ਭਰ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਘਟਨਾ ਸਵੇਰ ਅੱਠ ਵਜੇ ਦੀ ਹੈ। ਉਦੋਂ ਰਜਵਾਹੇ ਵਿਚਲੇ ਨੇਹੀਆਂਵਾਲਾ ਅਤੇ ਅਮਰਗੜ੍ਹ ਦੇ ਸਾਂਝੇ ਮੋਘੇ ਨਜ਼ਦੀਕ ਲੀਕੇਜ ਦੇਖਣ ਨੂੰ ਮਿਲੀ ਸੀ ਪਰ ਦੇਖਦਿਆਂ ਹੀ ਦੇਖਦਿਆਂ ਇਹ ਪਾੜ ਵਿੱਚ ਬਦਲ ਗਈ। ਕਿਸਾਨਾਂ ਨੇ ਦੱਸਿਆ ਕਿ ਨਹਿਰੀ ਵਿਭਾਗ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਸੀ। ਨਹਿਰੀ ਵਿਭਾਗ ਦੇ ਕਰਮਚਾਰੀ ਮੌਕੇ ’ਤੇ ਪੁੱਜ ਵੀ ਗਏ ਸਨ ਪਰ ਗੁਰਦੁਆਰੇ ਦੀ ਜ਼ਮੀਨ ਸਣੇ ਤਕਰੀਬਨ 25 ਏਕੜ ਵਿਚ ਪਾਣੀ ਭਰ ਗਿਆ।
ਪਿੰਡ ਵਾਸੀਆਂ ਅਤੇ ਨਹਿਰੀ ਵਿਭਾਗ ਦੇ ਬੇਲਦਾਰਾਂ ਸੁਰੇਸ਼ ਕੁਮਾਰ ਤੇ ਸਤਨਾਮ ਸਿੰਘ ਵੱਲੋਂ ਪਾੜ ਪੂਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਸਫ਼ਲ ਨਹੀਂ ਹੋ ਸਕੇ ਜਿਸ ਕਾਰਨ ਪਾਣੀ ਬੰਦ ਕਰਵਾਉਣਾ ਪਿਆ। ਵਿਭਾਗ ਦੇ ਕਰਮਚਾਰੀਆਂ ਅਨੁਸਾਰ ਰਜਬਾਹਾ ਅਮਰਗੜ੍ਹ ਵਾਲੀ ਖੱਬੇ ਪਾਸੇ ਬੁਰਜ਼ੀ ਨੰਬਰ 33,220 ਕੋਲ ਟੁੱਟਿਆ ਪਰ ਖੇਤ ਵਿਹਲੇ ਹੋਣ ਕਰ ਕੇ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੈ।
ਮੌਕੇ ’ਤੇ ਪੁੱਜੇ ਨਹਿਰੀ ਵਿਭਾਗ ਦੇ ਐੱਸਡੀਓ ਜਸਕਰਨ ਸਿੰਘ ਤੇ ਜੂਨੀਅਰ ਇੰਜਨੀਅਰ ਸਾਹਿਲ ਸ਼ਰਮਾ ਨੇ ਦੱਸਿਆ ਕਿ ਮੋਘੇ ਨਜ਼ਦੀਕ ਚੂਹਿਆਂ ਦੀਆਂ ਖੁੱਡਾਂ ਹੋਣ ਕਾਰਨ ਇਹ ਲੀਕੇਜ ਹੋਈ ਤੇ ਪਾੜ ਵਿੱਚ ਬਦਲ ਗਈ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਕਿਸਾਨਾਂ ਨੇ ਖੇਤਾਂ ਵਿਚ ਕਣਕ ਕੱਟਣ ਤੋਂ ਬਾਅਦ ਤੂੜੀ ਬਣਾ ਲਈ ਸੀ। ਖੇਤਾਂ ਵਿੱਚ ਹਾਲੇ ਤਕ ਕਿਸੇ ਵੀ ਫ਼ਸਲ ਦੀ ਕੋਈ ਬਿਜਾਂਦ ਨਹੀਂ ਕੀਤੀ ਗਈ। ਵਿਭਾਗ ਵੱਲੋਂ ਸੂਏ ਵਿੱਚ ਪਾਣੀ ਬੰਦ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੋਘੇ ਨੂੰ ਨਵਾਂ ਬਣਾ ਕੇ ਜਲਦੀ ਹੀ ਨਹਿਰੀ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।