ਮਨੋਜ ਸ਼ਰਮਾ
ਬਠਿੰਡਾ, 15 ਅਕਤੂਬਰ
ਇੱਥੋਂ ਦੇ ਐੱਮ.ਆਰ.ਐੱਸ.ਪੀ.ਟੀ.ਯੂ. ਕੈਂਪਸ ਵਿੱਚ ਨਾਟਿਅਮ ਪੰਜਾਬ ਵੱਲੋਂ ਕਰਵਾਏ ਜਾ ਰਹੇ 15 ਰੋਜ਼ਾ 11ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ 14ਵੀਂ ਸ਼ਾਮ ਨੂੰ ਸਮਾਜਿਕ ਕਲਿਆਣ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਟਕ ਮੇਲਾ ਕਰਵਾਉਣ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਪੰਜਾਬ ਸਰਕਾਰ ਵੱਲੋਂ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਨਾਟਕ ਮੇਲੇ ਵਿਚ ਅੱਜ ਭੋਪਾਲ ਤੋਂ ਥਰਡ ਬੈੱਲ ਕਲਚਰਲ ਸੁਸਾਇਟੀ ਦੀ ਟੀਮ ਵੱਲੋਂ ਅਨੂਪ ਜੋਸ਼ੀ ਦੇ ਨਿਰਦੇਸ਼ਨ ਵਿਚ ਵਿਜੈ ਤੇਂਦੁਲਕਰ ਦਾ ਲਿਖਿਆ ਹਿੰਦੀ ਨਾਟਕ ‘ਪਲੀਜ਼ ਮਤ ਜਾਓ’ ਖੇਡਿਆ ਗਿਆ। ਨਾਟਕ ਵਿੱਚ ਇੱਕ ਪਾਤਰ ਦੇ ਵੱਖੋ-ਵੱਖ ਮਹਿਲਾਵਾਂ ਨਾਲ ਸਬੰਧਾਂ ਅਤੇ ਮੁਲਾਕਾਤਾਂ ਰਾਹੀਂ ਮਨੁੱਖ ਦਾ ਸੁੰਦਰਤਾ ਤੇ ਪੈਸੇ ਵੱਲ ਆਕਰਸ਼ਨ ਅਤੇ ਅੰਦਰੂਨੀ ਖਾਲੀਪਣ ‘ਤੇ ਇਕੱਲਤਾ ਵਰਗੀਆਂ ਚੁਣੌਤੀਆਂ ਨੂੰ ਦਰਸਾਇਆ ਗਿਆ। ਪ੍ਰੋਗਰਾਮ ਦੌਰਾਨ ਐੱਫਐੱਮ ਦੇ ਡਾਇਰੈਕਟਰ ਰਾਜੀਵ ਅਰੋੜਾ, ਇੰਜ. ਰਾਜੀਵ ਢੀਂਗਰਾ ਤੇ ਭੁਪਿੰਦਰ ਬਾਂਸਲ ਨੇ ਸ਼ਿਰਕਤ ਕਰਦਿਆਂ ਪ੍ਰੋਗਰਾਮ ਦੀ ਰੌਣਕ ਵਿੱਚ ਵਾਧਾ ਕੀਤਾ।