ਬਠਿੰਡਾ (ਪੱਤਰ ਪ੍ਰੇਰਕ): ਮੇਲੇ ਦੌਰਾਨ ਕਿਸਾਨਾਂ ਨੇ ਕਣਕ ਦਾ ਨਵਾਂ ਬੀਜ ਖ਼ਰੀਦਣ ਵਿੱਚ ਰੁਚੀ ਦਿਖਾਈ ਤੇ ਬੀਜ ਖਿੜਕੀ ’ਤੇ ਸਵੇਰ ਤੋਂ ਹੀ ਕਿਸਾਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਜਿਸ ਵਿੱਚ ਮਾਲਵੇ ਦੇ ਵੱਖ ਵੱਖ ਜ਼ਿਲ੍ਹਿਆਂ ਸਮੇਤ ਰਾਜਸਥਾਨ ਤੇ ਹਰਿਆਣਾ ਦੇ ਕਿਸਾਨ ਵੀ ਪਹੁੰਚੇ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਵਲੋਂ ਤਿਆਰ ਕੀਤੇ ਗਏ ਨਵੇਂ ਬੀਜ ਪੀ. ਬੀ. ਡਬਲਯੂ 826 ਦੇ ਬੀਜ ਦਾ ਪ੍ਰਤੀ 2 ਕਿਲੋ ਦੇ ਬੈਗ ਦੀ ਕੀਮਤ 200 ਰੁਪਏ ਰੱਖੀ ਗਈ ਸੀ ਜਿਸ ਤੋਂ ਕਿਸਾਨ ਕਾਫ਼ੀ ਖ਼ਫਾ ਨਜ਼ਰ ਆਏ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂਂ ਨੂੰ ਕਣਕ ਦਾ ਨਗੂਣਾ ਬੀਜ ਦੇ ਕੇ ਯੂਨੀਵਰਸਿਟੀ ਨੇ ਮਜ਼ਾਕ ਕੀਤਾ ਹੈ ਜਦੋਂ ਕਿ ਕਿਸਾਨਾਂ ਨੂੰ ਬੀਜ ਤਿਆਰ ਕਰਨ ਲਈ 1 ਗੱਟਾ ਦੇਣਾ ਬਣਦਾ ਸੀ। ਅੱਜ ਕਣਕ ਦੇ ਪਰਾਣੇ ਬੀਜਾਂ ਸਮੇਤ ਸਰ੍ਹੋਂ ਅਤੇ ਛੋਲਿਆਂ ਦੇ ਬੀਜ ਵੀ ਵਿਕੇ। ਪਰ ਨਵੇਂ ਬੀਜ ਨੂੰ ਲੈ ਕੇ ਕਿਸਾਨ ਕਾਫੀ ਉਤਸ਼ਾਹਤ ਦਿਸੇ। ਯੂਨੀਵਰਸਿਟੀ ਖੋਜ ਕੇਂਦਰ ਬਠਿੰਡਾ ਦੇ ਡਾਇਰੈਕਟਰ ਪਰਮਜੀਤ ਸਿੰਘ ਨੇ ਦੱਸਿਆ ਤਕਰੀਬਨ ਸਾਰੇ ਬੀਜਾਂ ਨੂੰ ਰਲਾ ਮਿਲਾ ਕੇ 17 ਲੱਖ ਰੁਪਏ ਦੀ ਵੱਟਤ ਕੀਤੀ ਗਈ ਹੈ ਜਿਨ੍ਹਾਂ ਵਿੱਚ 5 ਲੱਖ ਦੇ ਕਰੀਬ ਕਣਕ ਦਾ ਨਵਾਂ ਬੀਜ ਪੀਬੀਡਬਲਿਯੂ 826 ਵਿਕਿਆ ਹੈ।