ਮਨੋਜ ਸ਼ਰਮਾ
ਬਠਿੰਡਾ, 6 ਜੁਲਾਈ
ਇਥੋਂ ਦੀ ਰਿੰਗ ਰੋਡ ਉਪਰ ਪੁੱਡਾ ਖੇਤਰ ਵਿੱਚ ਹੋਈਆਂ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਪੁੱਜੀ ਏਡੀਸੀ ਵਿਕਾਸ ਕਮ ਪੁੱਡਾ ਪ੍ਰਸ਼ਾਸਕ ਰੁਪਿੰਦਰਪਾਲ ਸਿੰਘ ਦੀ ਅਗਵਾਈ ਹੇਠਲੀ ਟੀਮ ਨੂੰ ਅੱਜ ਲੋਕਾਂ ਦੇ ਜ਼ੋਰਦਾਰ ਵਿਰੋਧ ਕਾਰਨ ਬੇਰੰਗ ਪਰਤਣਾ ਪਿਆ। ਕਾਬਿਲੇਗੌਰ ਹੈ ਕਿ ਬਠਿੰਡਾ ਵਿਕਾਸ ਅਥਾਰਟੀ ਲਗਾਤਾਰ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਮੁਹਿੰਮ ਚਲਾ ਰਹੀ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਅੱਜ ਸਵੇਰੇ 9 ਵਜੇ ਅਫ਼ਸਰਾਂ ਤੇ ਪੁਲੀਸ ਨਾਲ ਪੀਲਾ ਪੰਜਾ ਲੈ ਕੇ ਇਥੇ ਨਾਜਾਇਜ਼ ਉਸਾਰੀਆਂ ਢਾਹੁਣ ਲਈ ਪੁੱਜੀ, ਜਿਸ ਦਾ ਮਕਾਨ ਉਜਾੜਾ ਰੋਕੂ ਕਮੇਟੀ ਦੇ ਆਗੂਆਂ ਨੇ ਬੀਕੇਯੂ ਉਗਰਾਹਾਂ ਦੇ ਝੰਡੇ ਹੇਠ ਵਿਰੋਧ ਕੀਤਾ। ਇਸ ਦੌਰਾਨ ਉਨ੍ਹਾਂ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਕੁਝ ਵਿਅਕਤੀ ਜੇਸੀਬੀ ਮਸ਼ੀਨ ਅੱਗੇ ਲੇਟ ਗਏ, ਜਿਸ ਕਾਰਨ ਟੀਮ ਨੂੰ ਬਿਨਾਂ ਕਾਰਵਾਈ ਵਾਪਸ ਪਰਤਣਾ ਪਿਆ। ਮਕਾਨ ਉਜਾੜਾ ਕਮੇਟੀ ਦੇ ਪ੍ਰਧਾਨ ਅਮਿਤ ਸਿੰਘ, ਗੋਪਾਲ ਗੁਪਤਾ, ਗੁਰਦੀਪ ਕੌਰ, ਸੁੱਖੀ ਪ੍ਰਧਾਨ ਤੇ ਗੁਰਜੀਤ ਸਿੰਘ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਇਸ ਜਗ੍ਹਾ ’ਤੇ ਘਰ ਬਣਾ ਕੇ ਰਹਿ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਘਰ ਢਾਹੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁੱਡਾ ਵੱਲੋਂ ਲੰਘੀ 22 ਅਪਰੈਲ ਨੂੰ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ। 29 ਜੂਨ ਨੂੰ ਪ੍ਰਸ਼ਾਸਨ ਨੇ 5 ਘਰਾਂ ਨੂੰ ਢਾਹ ਵੀ ਦਿੱਤਾ ਸੀ। ਇਸ ਤੋਂ ਬਾਅਦ ਅੱਜ ਮੁੜ ਟੀਮ ਉਸਾਰੀਆਂ ਢਾਹੁਣ ਪੁੱਜੀ।
ਬਠਿੰਡਾ ਦੇ ਏਡੀਸੀ ਵਿਕਾਸ ਕੰਮ ਪੁੱਡਾ ਪ੍ਰਸ਼ਾਸਕ ਨੇ ਇਸ ਸਬੰਧੀ ਪੁੱਛੇ ਜਾਣ ’ਤੇ ਕਿਹਾ ਕਿ 22 ਘਰਾਂ ਨੂੰ ਨੋਟਿਸ ਦਿੱਤੇ ਗਏ ਸਨ, ਜਦੋਂ ਕਿ 29 ਲੋਕਾਂ ਨੂੰ ਫਲੈਟ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਬਹੁਤ ਥੋੜ੍ਹੇ ਘਰ ਹਨ ਜੋ ਵਿਰੋਧ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਰਿੰਗ ਰੋਡ ਦਾ ਰਸਤਾ ਛੱਡ ਦੇਣ ਨਹੀਂ ਤਾਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮਕਾਨ ਉਜਾੜਾ ਰੋਕੂ ਕਮੇਟੀ ਦੇ ਆਗੂ ਅਮਿਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜਿਹੜੇ 22 ਗਜ਼ ਵਾਲੇ ਕੁਆਰਟਰ ਉਨ੍ਹਾਂ ਨੂੰ ਮੁਹੱਈਆ ਕਰਵਾਏ ਗਏ ਹਨ, ਉਹ ਬਹੁਤ ਛੋਟੇ ਹਨ। ਉਥੇ ਨਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਟਾਇਲਟ ਦਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਭੇਜੇ ਗਏ ਨੋਟਿਸਾਂ ਦਾ ਉਨ੍ਹਾਂ ਵਕੀਲ ਰਾਹੀਂ ਜਵਾਬ ਭੇਜ ਦਿੱਤਾ ਸੀ, ਪਰ ਫਿਰ ਵੀ ਅੱਜ ਕਾਰਵਾਈ ਅਮਲ ਵਿਚ ਲਿਆਂਦੀ ਗਈ।
ਕਿਸਾਨ ਜਥੇਬੰਦੀ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ
ਕਿਸਾਨ ਜਥੇਬੰਦੀ ਬੀਕੇਯੂ ਉਗਰਾਹਾਂ ਨੇ ਪੀੜਤ ਪਰਿਵਾਰਾਂ ਦੇ ਹੱਕ ਵਿੱਚ ਡਟਦਿਆਂ ਪੰਜਾਬ ਸਰਕਾਰ ਦੀ ਅਰਥੀ ਫੂਕੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਗਸੀਰ ਸਿੰਘ ਝੁੰਬਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਮਨਦੀਪ ਸਿੰਘ ਸਿਵੀਆਂ ਨੇ ਕਿਹਾ ਕਿ ਪੁੱਡਾ ਪ੍ਰਸ਼ਾਸਕ ਏਡੀਸੀ ਦੀ ਕੱਲ੍ਹ ਵੀ ਮਕਾਨ ਉਜਾੜਾ ਰੋਕੂ ਕਮੇਟੀ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਹੋਈ ਸੀ। ਅੱਜ ਵੀ ਏਡੀਸੀ ਵੱਲੋਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨਾਲ ਫੋਨ ’ਤੇ 9 ਵਜੇ ਮੀਟਿੰਗ ਹੋਣੀ ਤੈਅ ਹੋਈ ਸੀ ਪਰ ਏਡੀਸੀ ਵੱਲੋਂ ਮੀਟਿੰਗ ਕਰਨ ਦੀ ਬਜਾਏ ਜੇਬੀਸੀ ਮਸ਼ੀਨਾਂ ਨਾਲ ਘਰ ਤੋੜਨੇ ਸ਼ੁਰੂ ਕਰ ਦਿੱਤੇ ਗਏ ਜੋ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੇ ਘਰ ਢਾਹੇ ਜਾ ਰਹੇ ਹਨ ਉਨ੍ਹਾਂ ਦੇ ਵਸਨੀਕ 50 ਸਾਲਾਂ ਤੋਂ ਇੱਥੇ ਵਸਦੇ ਹਨ। ਇੱਥੇ ਹੀ ਇਨ੍ਹਾਂ ਦੇ ਆਧਾਰ ਕਾਰਡ,ਵੋਟਰ ਕਾਰਡ ਬਣੇ ਹੋਏ ਹਨ। ਘਰਾਂ ’ਚ ਬਿਜਲੀ ਦੇ ਮੀਟਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਸੜਕ ਦੇ ਨਿਰਮਾਣ ਲਈ ਇਹ ਜਗ੍ਹਾ ਚਾਹੀਦੀ ਹੈ ਤਾਂ ਪੀੜਤ ਪਰਿਵਾਰਾਂ ਦਾ ਯੋਗ ਥਾਂ ’ਤੇ ਵਸੇਬਾ ਕਰਾਇਆ ਜਾਵੇ।