ਸ਼ਗਨ ਕਟਾਰੀਆ/ਕੁਲਦੀਪ ਭੁੱਲਰ/ਜਗਤਾਰ ਅਨਜਾਣ
ਬਠਿੰਡਾ, 12 ਸਤੰਬਰ
ਮੁੱਖ ਅੰਸ਼
- ਕਿਸਾਨਾਂ ਵੱਲੋਂ ਇੱਕ ਸਾਲ ਲਈ ਖੇਤ ਮੁਫ਼ਤ ਦੇਣ ਦੀ ਪੇਸ਼ਕਸ਼
- ਆਗੂ ਖ਼ਿਲਾਫ਼ ਦਰਜ ਕੇਸ ਰੱਦ ਕਰਾਉਣ ਲਈ ਸੰਘਰਸ਼ ਦਾ ਐਲਾਨ
ਪਿਛਲੇ ਦਿਨੀਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਮੌੜ ਚੜ੍ਹਤ ਸਿੰਘ ਵਿੱਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਦੇ ਖੇਤ ’ਚ ਕਥਿਤ ਤੌਰ ’ਤੇ ਨਾਜਾਇਜ਼ ਮਾਈਨਿੰਗ ਹੋਣ ਦੇ ਮਾਮਲੇ ਦੇ ਸਬੰਧ ਵਿੱਚ ਮੌਕੇ ਦਾ ਨਿਰੀਖਣ ਕਰਨ ਲਈ ਅੱਜ ਐੱਸਐੱਸਪੀ ਬਠਿੰਡਾ, ਐੱਸਡੀਐੱਮ ਮੌੜ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਮੌਕੇ ’ਤੇ ਪਹੁੰਚੀ। ਇਸ ਮੌਕੇ ਹਾਜ਼ਰ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਮੌਕਾ ਦਿਖਾਉਂਦਿਆਂ ਅਧਿਕਾਰੀਆਂ ਨੂੰ ਦੱਸਿਆ ਕਿ ਖੇਤ ਵਿੱਚ ਟਿੱਬੇ ਹਨ ਅਤੇ ਜ਼ਮੀਨ ਨੂੰ ਨਹਿਰੀ ਸਿੰਜਾਈ ਦੇ ਯੋਗ ਬਣਾਉਣ ਲਈ ਘੱਟੋ-ਘੱਟ ਅੱਠ-ਨੌਂ ਫੁੱਟ ਮਿੱਟੀ ਖੇਤ ’ਚੋਂ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹੋ ਕੰਮ ਹੀ ਚੱਲ ਰਿਹਾ ਸੀ ਕਿ ਇਸ ਨੂੰ ‘ਮਾਈਨਿੰਗ’ ਦਾ ਨਾਂ ਦੇ ਕੇ ਪ੍ਰਸ਼ਾਸਨ ਵੱਲੋਂ ਵਿਵਾਦ ਪੈਦਾ ਕਰ ਦਿੱਤਾ ਗਿਆ। ਆਗੂਆਂ ਨੇ ਇਸ ਮਾਮਲੇ ਨੂੰ ਖਣਨ ਦਾ ਨਾਂ ਦੇਣ ’ਤੇ ਇਤਰਾਜ਼ ਦਾਇਰ ਕਰਦਿਆਂ ਕਿਹਾ ਕਿ ਜਿਸ ਕਿਸੇ ਨੂੰ ਇਹ ਖਣਨ ਦਾ ਮਾਮਲਾ ਲੱਗਦਾ ਹੈ, ਖੇਤ ਮਾਲਕ ਉਸ ਨੂੰ ਇੱਕ ਸਾਲ ਲਈ ਜ਼ਮੀਨ ਮੁਫ਼ਤ ਦੇਣ ਲਈ ਤਿਆਰ ਹੈ, ਬਸ਼ਰਤੇ ਕਿ ਸਾਲ ਬਾਅਦ ਜ਼ਮੀਨ ਨੂੰ ਨਹਿਰੀ ਸਿੰਜਾਈ ਯੋਗ ਪੱਧਰਾ ਕਰ ਕੇ ਵਾਪਸ ਕੀਤਾ ਜਾਵੇ। ਅਧਿਕਾਰੀਆਂ ਵੱਲੋਂ ਮੌਕੇ ਦਾ ਜਾਇਜ਼ਾ ਲੈਣ ਮਗਰੋਂ ਉੱਥੋਂ ਵਾਪਸੀ ਕੀਤੀ ਗਈ।
ਉਪਰੰਤ ਕਿਸਾਨ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ ਗੁਰਦੁਆਰਾ ਤਿੱਤਰਸਰ ਸਾਹਿਬ ਵਿਖੇ ਹੋਈ। ਇੱਥੇ ਫੈਸਲਾ ਹੋਇਆ ਕਿ ਪਿਛਲੇ ਦਿਨੀਂ ਪੁਲੀਸ ਵੱਲੋਂ ਇਸ ਸਬੰਧੀ ਮਾਈਨਿੰਗ ਐਕਟ ਤਹਿਤ ਦਰਜ ਕੇਸ ਨੂੰ ਰੱਦ ਕਰਵਾਉਣ ਲਈ 14 ਅਤੇ 15 ਸਤੰਬਰ ਨੂੰ ਵਿਧਾਨ ਸਭ ਹਲਕਾ ਮੌੜ ਅੰਦਰ ਟਰੈਕਟਰ ਮਾਰਚ ਕੀਤਾ ਜਾਵੇਗਾ। ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਰਾਮਨਗਰ ਅਤੇ ਜਨਰਲ ਸਕੱਤਰ ਗੁਰਮੇਲ ਸਿੰਘ ਬਬਲੀ ਨੇ ਇਹ ਵੀ ਕਿਹਾ ਕਿ ਜੇ ਕੇਸ ਰੱਦ ਨਾ ਕੀਤਾ ਗਿਆ ਤਾਂ ਮੌੜ ਥਾਣੇ ਅੱਗੇ ਨਿਰੰਤਰ ਧਰਨਾ ਸ਼ੁਰੂ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਜਿਸ ਖੇਤ ’ਚੋਂ ਮਿੱਟੀ ਪੁੱਟੀ ਜਾ ਰਹੀ ਸੀ, ਬੀਤੇ ਦਿਨੀਂ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਖੁਦ ਉੱਥੇ ਪਹੁੰਚੇ ਸਨ। ਬਾਅਦ ’ਚ ਉਨ੍ਹਾਂ ਪੁਲੀਸ ਕੋਲ ਸ਼ਿਕਾਇਤ ਕੀਤੀ ਕਿ ਉਹ ਨਾਜਾਇਜ਼ ਮਾਈਨਿੰਗ ਦੇਖਣ ਲਈ ਜਦੋਂ ਗਏ ਤਾਂ ਮਾਈਨਿੰਗ ਕਰਨ ਵਾਲਿਆਂ ਨੇ ਉਨ੍ਹਾਂ ’ਤੇ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਇਸ ਮਾਮਲੇ ’ਚ ਕੇਸ ਦਰਜ ਕਰ ਕੇ ਤਿੰਨ ਵਿਅਕਤੀਆਂ ਅਤੇ ਟਰੈਕਟਰ-ਟਰਾਲੀਆਂ ਨੂੰ ਕਬਜ਼ੇ ’ਚ ਲੈ ਲਿਆ ਸੀ। ਸ਼ਨਿਚਰਵਾਰ ਨੂੰ ਕਿਸਾਨ ਜਥੇਬੰਦੀ ਦੇ ਵਫ਼ਦ ਵੱਲੋਂ ਐੱਸਐੱਸਪੀ ਨੂੰ ਮਿਲ ਕੇ, ਮਾਮਲੇ ਨੂੰ ਨਿਰਆਧਾਰ ਦੱਸਦਿਆਂ ਕੇਸ ਰੱਦ ਕਰਨ ਦੀ ਮੰਗ ਕੀਤੀ ਸੀ।