ਪੱਤਰ ਪ੍ਰੇਰਕ
ਬਠਿੰਡਾ, 17 ਜੁਲਾਈ
ਸੂਬੇ ਵਿੱਚ ਅੰਗਰੇਜ਼ਾਂ ਦੇ ਰਾਜ ਦੌਰਾਨ ਬਣੇ ਰੈਸਟ ਹਾਊਸਾਂ ਦੀਆਂ ਇਮਾਰਤਾਂ ਸਰਕਾਰਾਂ ਦੀ ਨਾਲਾਇਕੀ ਕਾਰਨ ਖੰਡਰ ਬਣ ਰਹੀਆਂ ਹਨ। ਇਸ ਸਬੰਧੀ ਤਰਕਸ਼ੀਲ ਲਹਿਰ ਪੰਜਾਬ ਦੇ ਸੂਬਾ ਆਗੂ ਭੂਰਾ ਸਿੰਘ ਮਹਿਮਾ ਸਰਜਾ ਨੇ ਦੱਸਿਆ ਕਿ ਅੰਗਰੇਜ਼ ਹਕੂਮਤ ਦੀ ਅਗਵਾਈ ਹੇਠ ਸੂਬੇ ਅੰਦਰ ਖੇਤੀ ਖੇਤਰ ਨੂੰ ਪਾਣੀ ਦੇਣ ਲਈ ਕਮੇਟੀ ਗਠਿਤ ਕੀਤੀ ਗਈ ਸੀ। ਇਸ ਦੌਰਾਨ ਨਹਿਰਾਂ ਲਈ ਸਰਵੇ ਕੀਤੇ ਗਏ ਤੇ ਨਹਿਰਾਂ ਉੱਪਰ ਬਾਕਾਇਦਾ ਤੌਰ ’ਤੇ ਕੈਨਾਲ ਕਲੋਨੀਆਂ ਤੇ ਰੈਸਟ ਹਾਊਸ ਕੱਟੇ ਗਏ ਸਨ। ਉਨ੍ਹਾਂ ਬਠਿੰਡਾ ਸਰਹੰਦ ਕੈਨਾਲ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਹ ਨਹਿਰ 1883 ਤੋਂ 1886 ਤੱਕ ਮੁਕੰਮਲ ਹੋਈ ਸੀ। ਸਥਾਨਕ ਲੋਕਾਂ ਅਨੁਸਾਰ ਆਜ਼ਾਦੀ ਤੋਂ ਪਹਿਲਾ ਅੰਗਰੇਜ਼ ਅਫ਼ਸਰ ਇਨ੍ਹਾਂ ਕੋਠੀਆਂ ਵਿਚ ਬੈਠ ਕੇ ਮਸਲਿਆਂ ਦਾ ਹੱਲ ਕੱਢਦੇ ਸਨ ਅਤੇ ਪਾਕਿਸਤਾਨ ਪੰਜਾਬ ਵਿੱਚ ਅੱਜ ਵੀ ਇਹ ਰੈਸਟ ਹਾਊਸ ਵਰਤੋਂ ਵਿੱਚ ਹਨ। ਪੜਤਾਲ ਦੌਰਾਨ ਬਠਿੰਡਾ ਖੇਤਰ ਵਿਚ ਨਹਿਰੀ ਕੁਆਰਟਰਾਂ ਸਮੇਤ ਰਜਵਾਹਿਆਂ ’ਤੇ ਬਣੀਆਂ 15 ਦੇ ਕਰੀਬ ਇਮਾਰਤਾਂ ਚੰਗੀ ਹਾਲਤ ਵਿਚ ਹੋਣ ਦੇ ਬਾਵਜੂਦ ਵੀ ਬਿਨਾਂ ਸੰਭਾਲ ਤੋਂ ਖੰਡਰ ਬਣ ਰਹੀਆਂ ਹਨ। ਜ਼ਿਲ੍ਹਾ ਬਠਿੰਡਾ ਵਿੱਚ ਖੰਡਰ ਬਣ ਰਹੀਆਂ ਇਨ੍ਹਾਂ ਇਮਾਰਤਾਂ ਨੂੰ ਦੇਖ ਪਿੰਡਾਂ ਦੇ ਲੋਕਾਂ ਨੇ ਇਨ੍ਹਾਂ ਦੀ ਸੰਭਾਲ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਕਿਸਾਨਾਂ ਦੇ ਖੇਤੀ ਨਾਲ ਸਬੰਧਿਤ ਮਸਲਿਆਂ ਨੂੰ ਹੱਲ ਕਰਨ ਲਈ ਇਨ੍ਹਾਂ ਕੋਠੀਆਂ ਦੀ ਕਾਇਆ ਕਲਪ ਕਰਕੇ ਨਹਿਰੀ ਪਟਵਾਰੀਆਂ ਅਤੇ ਅਫ਼ਸਰਾਂ ਨੂੰ ਭੇਜੇ ਤਾਂ ਲੋਕ ਫੈਸਲੇ ਦਾ ਸਵਾਗਤ ਕਰਨਗੇ।