ਮਨੋਜ ਸ਼ਰਮਾ
ਬਠਿੰਡਾ, 20 ਸਤੰਬਰ
ਕੈਂਸਰ ਟਰੇਨ ਵਜੋਂ ਮਸ਼ਹੂਰ ਬੀਕਾਨੇਰ-ਜੋਧਪੁਰ ਐਕਸਪ੍ਰੈਸ ਵਿੱਚ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਪਹਿਲਾਂ ਦੇ ਮੁਕਾਬਲੇ ਕਾਫੀ ਕਮੀ ਆਈ ਹੈ।
ਪੰਜਾਬੀ ਟ੍ਰਿਬਿਊਨ ਦੀ ਟੀਮ ਵੱਲੋਂ ਜਦੋਂ ਬਠਿੰਡਾ ਸਟੇਸ਼ਨ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਬੀਕਾਨੇਰ (ਰਾਜਸਥਾਨ) ਦੇ ਆਚਾਰੀਆ ਤੁਲਸੀ ਰਿਜਨਲ ਕੈਂਸਰ ਟ੍ਰੀਟਮੈਂਟ ਐਂਡ ਰਿਸਰਚ ਸੈਂਟਰ ਹਸਪਤਾਲ ਵਿੱਚ ਕੈਂਸਰ ਦਾ ਇਲਾਜ ਲਈ ਰਵਾਨਾ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਹੈ।
ਸਥਾਨਕ ਰੇਲਵੇ ਪਲੇਟਫਾਰਮ ’ਤੇ ਦੁਕਾਨਦਾਰੀ ਕਰਨ ਵਾਲਿਆਂ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਛੇ ਸਾਲ ਪਹਿਲਾਂ 80 ਤੋਂ 100 ਕੈਂਸਰ ਦੇ ਮਰੀਜ਼ ਮਾਲਵਾ ਖੇਤਰ ਤੋਂ ਬੀਕਾਨੇਰ ਨੂੰ ਰੋਜ਼ਾਨਾ ਬਠਿੰਡਾ ਤੋਂ ਰਵਾਨਾ ਹੁੰਦੇ ਸਨ ਜਿਨ੍ਹਾਂ ਦੀ ਗਿਣਤੀ ਹੁਣ 15 ਤੋਂ 20 ਰਹਿ ਗਈ ਹੈ। ਇਸ ਦਾ ਮੁੱਖ ਕਾਰਨ ਬਠਿੰਡਾ ਵਿੱਚ ਆਧੁਨਿਕ ਹਸਪਤਾਲ ਸਥਾਪਿਤ ਕਰਨਾ ਵੀ ਹੈ।
ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਅਤੇ ਸੁਖ ਸੇਵਾਵਾਂ ਸੁਸਾਇਟੀ ਦੇ ਮੈਂਬਰ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਉਹ ਬੀਕਾਨੇਰ ਲਈ ਰਵਾਨਾ ਹੋਣ ਵਾਲੀ ਕੈਂਸਰ ਟਰੇਨ ’ਤੇ ਚੜ੍ਹਨ ਵਾਲੇ ਮਰੀਜ਼ਾਂ ਨੂੰ 250 ਤੋਂ 300 ਖਾਣੇ ਦੇ ਪੈਕੇਟ ਵੰਡਦੇ ਸਨ ਜਿਨ੍ਹਾਂ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸਨ ਪਰ ਹੁਣ ਹੁਣ 50 ਤੋਂ 70 ਪੈਕਟ ਲੱਗਦੇ ਹਨ। ਕਈ ਵਾਰੀ ਤਾਂ ਮਰੀਜ਼ਾਂ ਦੀ ਗਿਣਤੀ 5 ਤੋਂ 10 ਵਿਚਕਾਰ ਵੀ ਰਹਿ ਜਾਂਦੀ ਹੈ।
ਗੌਰਤਲਬ ਹੈ ਕਿ ਹੁਣ ਮਰੀਜ਼ ਬੀਕਾਨੇਰ ਰਾਜਸਥਾਨ ਜਾਣ ਦੀ ਬਜਾਏ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ਼) ਬਠਿੰਡਾ, ਫਰੀਦਕੋਟ ਮੈਡੀਕਲ ਕਾਲਜ ਫ਼ਰੀਦਕੋਟ ਤੋਂ ਇਲਾਵਾ ਕੈਂਸਰ ਦੇ ਮਰੀਜ਼ਾਂ ਦੀ ਦੇਖਭਾਲ ਲਈ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਅਤੇ ਬਠਿੰਡਾ ਦੇ ਐਡਵਾਂਸਡ ਕੈਂਸਰ ਇੰਸਟੀਚਿਊਟ ਤੇ ਹਸਪਤਾਲ ਵੀ ਪਹੁੰਚ ਕਰਨ ਲੱਗੇ ਹਨ।