ਪੱਤਰ ਪ੍ਰੇਰਕ
ਬਠਿੰਡਾ, 29 ਜੁਲਾਈ
ਭਾਰਤੀ ਜਨਤਾ ਪਾਰਟੀ ਦਾ ਤਿੰਨ ਰੋਜ਼ਾ ਸਿਖਲਾਈ ਕੈਂਪ ਅੱਜ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਸਮੇਤ ਕਈ ਹੋਰ ਸ਼ਖਸ਼ੀਅਤਾਂ ਦੇ ਮਾਰਗਦਰਸ਼ਨ ਨਾਲ ਸਮਾਪਤ ਹੋ ਗਿਆ। ਇਸ ਕੈਂਪ ਵਿੱਚ ਪੰਜਾਬ ਭਰ ’ਚੋਂ ਭਾਜਪਾ ਦੇ ਸਿੱਖਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਸਮੇਤ ਕਾਂਗਰਸ ਛੱਡ ਕੇ ਭਾਜਪਾ ਚ ਸ਼ਾਮਲ ਹੋਏ ਵੱਖ-ਵੱਖ ਆਗੂਆਂ ਨੇ ਵੀ ਭਾਜਪਾ ਦਾ ਗੁਣਗਾਨ ਕੀਤਾ।
ਅੱਜ ਦੇ ਸਮਾਪਤੀ ਸਮਾਰੋਹ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਸ੍ਰੀਨਿਵਾਸਲੂ ਜੀ, ਕੌਮੀ ਸਕੱਤਰ ਤੇ ਸੂਬਾ ਸਹਿ-ਇੰਚਾਰਜ ਡਾ. ਨਰਿੰਦਰ ਸਿੰਘ ਰੈਨਾ, ਸੁਨੀਲ ਜਾਖੜ, ਕੇਵਲ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਕਾਂਗੜ, ਡਾ. ਰਾਜ ਕੁਮਾਰ ਵੇਰਕਾ, ਬਲਵਿੰਦਰ ਸਿੰਘ ਲਾਡੀ, ਜਗਦੀਪ ਸਿੰਘ ਨਕਈ, ਸਰੂਪ ਚੰਦ, ਜੀਵਨ ਗੁਪਤਾ, ਡਾ. ਸੁਭਾਸ਼ ਸ਼ਰਮਾ, ਰਾਜੇਸ਼ ਬਾਗਾ ਆਦਿ ਵੀ ਮੌਜੂਦ ਸਨ।
ਇਸ ਦੌਰਾਨ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਭਾਜਪਾ ਦਾ ਇਹ ਤਿੰਨ ਰੋਜ਼ਾ ਸਿਖਲਾਈ ਕੈਂਪ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਸਮੂਹ ਭਾਜਪਾ ਸਿਖਿਆਰਥੀ ਸੂਬੇ ਭਰ ਵਿੱਚ ਜਾ ਕੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ ਸਿਖਿਆਰਥੀਆਂ ਦੇ ਉਤਸ਼ਾਹ ਨੂੰ ਦੇਖ ਕੇ ਇਹ ਸਪੱਸ਼ਟ ਹੋ ਗਿਆ ਹੈ ਕਿ 2024 ਵਿੱਚ ਵੀ ਕੇਂਦਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਸਰਕਾਰ ਬਣੇਗੀ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੈਂਪ ਨੂੰ ਅਨੁਸ਼ਾਸਨ ਨਾਲ ਸੰਪੂਰਨ ਕਰਨ ਲਈ ਸਮੂਹ ਸਿਖਿਆਰਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਅਤੇ ਪੰਜਾਬੀਅਤ ਦੀ ਹਮਾਇਤੀ ਹੈ ਅਤੇ ਹਿੰਦੂ-ਸਿੱਖ ਏਕਤਾ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਹ ਇਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਭਾਜਪਾ ਹੁਣ ਅਕਾਲੀ ਦਲ ਨਾਲ ਕੋਈ ਗੱਠਜੋੜ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਬਣੀ ਨਵੀਂ ਨੌਸਿਖਿਆ ਸਰਕਾਰ ਪੰਜਾਬ ਨੂੰ ਬਰਬਾਦ ਕਰ ਰਹੀ ਹੈ। ਇਸ ਦੌਰਾਨ ਭਾਜਪਾ ਆਗੂ ਸੁਨੀਲ ਜਾਖੜ ਨੇ ਇਜਲਾਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਭਾਜਪਾ ਹੀ ਇੱਕ ਅਜਿਹੀ ਸਿਆਸੀ ਪਾਰਟੀ ਹੈ ਜੋ ਦੇਸ਼ ਨੂੰ ਪਹਿਲ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਅਗਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੀ ਬਣੇਗੀ।