ਮਨੋਜ ਸ਼ਰਮਾ
ਬਠਿੰਡਾ, 2 ਨਵੰਬਰ
ਬਠਿੰਡਾ ਦੇ ਬੀੜ ਤਲਾਬ ਚਿੜੀਆ ਘਰ ਵਿਚ ਮਾਦਾ ਤੇਂਦੂਏ ਨੂੰ ਸ਼ਾਮਲ ਕਰਨ ਦੀ ਤਿਆਰ ਧਰੀ ਧਰਾਈ ਰਹਿ ਗਈ ਹੈ। ਸੂਤਰਾਂ ਅਨੁਸਾਰ ਚਿੜੀਅਘਰ ਅੰਦਰ ਮਾਦਾ ਤੇਂਦੂਏ ਨੂੰ ਸ਼ਾਮਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਅਤੇ ਇਸ ਲਈ ਬਾਕਾਇਦਾ ਰਾਜ ਦੇ ਜੰਗਲ ਜੀਵ ਵਿਭਾਗ ਨਾਲ ਪੱਤਰਵਿਹਾਰ ਵੀ ਹੋਇਆ ਸੀ। ਇਸ ਸਬੰਧੀ ਰੇਂਜ ਅਫ਼ਸਰ ਪਵਨ ਸ੍ਰੀਧਰ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇੱਕ ਤੇਂਦੂਏ ਸਮੇਤ , ਇੱਕ ਹੰਸਾਂ ਦਾ ਜੋੜਾ ਅਤੇ ਹੋਗ ਡੀਅਰ ਨੂੰ ਚਿੜੀਆਘਰ ਸ਼ਾਮਲ ਕਰਨ ਦੀ ਬੇਨਤੀ ਕੀਤੀ ਗਈ ਸੀ ਅਤੇ ਇਸ ਪ੍ਰਾਜੈਕਟ ਵਿਚ ਕੋਈ ਰੁਕਾਵਟ ਨਹੀਂ ਸੀ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਇਸ ਪ੍ਰਕ੍ਰਿਆ ਵਿਚ ਰੁਕਾਵਟ ਪੈ ਗਈ ਜਿਸ ਕਾਰਨ ਇਹ ਤੇਂਦੂਆ ਚਿੜੀਆਘਰ ਦਾ ਸ਼ਿੰਗਾਰ ਬਣਨ ਤੋਂ ਵਾਂਝਾ ਹੋ ਗਿਆ। ਉਨ੍ਹਾਂ ਉਮੀਦ ਪ੍ਰਗਟਾਈ ਕਿ ਹੁਣ ਸਥਿਤੀ ਵਿਚ ਸੁਧਾਰ ਹੋਇਆ ਹੈ ਅਤੇ ਲੌਕਡਾਊਨ ਖ਼ਤਮ ਹੋ ਗਿਆ ਹੈ। ਮਾਦਾ ਤੇਂਦੂਏ ਸਮੇਤ ਹੋਰ ਪੰਛੀਆਂ ਨੂੰ ਸ਼ਾਮਲ ਕਰਨ ਲਈ ਇਸ ਨਵੇਂ ਪ੍ਰਾਜੈਕਟ ਦੀ ਪ੍ਰਕ੍ਰਿਆ ਤੇਜ਼ ਕੀਤੀ ਜਾਵੇਗੀ ਅਤੇ ਜਲਦੀ ਹੀ ਬਠਿੰਡਾ ਦੇ ਬੀੜ ਤਲਾਬ ਚਿੜੀਆਘਰ ਵਿੱਚ ਇਹ ਮਾਦਾ ਤੇਂਦੂਆ ਅਤੇ ਹੰਸਾਂ ਦਾ ਜੋੜਾ ਅਤੇ ਦੁਰਲੱਭ ਪ੍ਰਜਾਤੀ ਦੀ ਨਸਲ ਦੇ ਹਿਰਨ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਚਿੜੀਆਘਰ ਅੰਦਰ ਦੁਰਲੱਭ ਪ੍ਰਜਾਤੀ ਦੇ ਪੰਛੀਆਂ ਸਮੇਤ ਨਰ ਤੇਂਦੂਏ ਚਿੜੀਆਘਰ ਦੇ ਜੰਗਲ ਦਾ ਸ਼ਿੰਗਾਰ ਬਣੇ ਹੋਏ ਹਨ। ਜ਼ਿਕਰਯੋਗ ਹੈ ਕਿ ਹਾਲੇ ਵੀ ਆਮ ਪਬਲਿਕ ਲਈ ਚਿੜੀਆਘਰ ਨੂੰ ਖੋਲ੍ਹਿਆ ਨਹੀਂ ਗਿਆ ਅਤੇ ਦੀਵਾਲ਼ੀ ਤੋਂ ਬਾਅਦ ਮੁੜ ਚਿੜੀਆਘਰ ਖੁੱਲ੍ਹਣ ਦੀ ਉਮੀਦ ਕੀਤੀ ਜਾ ਰਹੀ ਹੈ।