ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 15 ਜੂਨ
ਸਫ਼ਾਈ ਕਰਮਚਾਰੀ ਯੂਨੀਅਨ ਅਤੇ ਟਿੱਪਰ ਯੂਨੀਅਨ ਵੱਲੋਂ ਅੱਜ ਇਥੇ ਬੱਸ ਸਟੈਂਡ ਅੱਗੇ ਜਾਮ ਲਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਮਹੀਨੇ ਦੇ ਵੱਧ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਸੁਣਵਾਈ ਨਹੀਂ ਹੋ ਰਹੀ। ਪ੍ਰਦਰਸ਼ਨਕਾਰੀਆਂ ਨੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਮੰਗ ’ਤੇ ਜ਼ੋਰ ਦਿੰਦਿਆਂ ਦੱਸਿਆ ਕਿ ਜੇਕਰ 16 ਜੂਨ ਨੂੰ ਸਰਕਾਰ ਨਾਲ ਸਫ਼ਾਈ ਕਾਮਿਆਂ ਦੇ ਵਫ਼ਦ ਦੀ ਹੋਣ ਵਾਲੀ ਮੀਟਿੰਗ ਬੇਸਿੱਟਾ ਰਹੀ ਤਾਂ ਪਟਿਆਲਾ ਦੇ ਮੋਤੀ ਮਹਿਲ ਅੱਗੇ ਸੰਘਰਸ਼ ਦਾ ਅਖਾੜਾ ਭਖ਼ਾਇਆ ਜਾਵੇਗਾ।
ਮਾਨਸਾ (ਪੱਤਰ ਪ੍ਰੇਰਕ): ਸਫ਼ਾਈ ਸੇਵਕਾਂ ਨੇ ਅੱਜ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਸਾਹਮਣੇ ਅਣਮਿਥੇ ਸਮੇਂ ਦਾ ਜਾਮ ਲਾ ਦਿੱਤਾ ਜਿਸ ਕਾਰਨ ਮੁੱਖ ਮਾਰਗਾਂ ਰਾਹੀਂ ਪਟਿਆਲਾ, ਲੁਧਿਆਣਾ, ਬਠਿੰਡਾ, ਸਿਰਸਾ, ਦਮਦਮਾ ਸਾਹਿਬ ਸਮੇਤ ਹੋਰ ਸ਼ਹਿਰਾਂ ਨੂੰ ਜਾਣ ਵਾਲੇ ਮੁਸਾਫਿਰਾਂ ਨੂੰ ਦਿਕੱਤਾਂ ਦਾ ਸਾਹਮਣਾ ਕਰਨਾ ਪਿਆ। ਇਹ ਜਾਮ ਸਫ਼ਾਈ ਸੇਵਕ ਯੂਨੀਅਨ ਮਾਨਸਾ ਵੱਲੋਂ ਲਾਇਆ ਗਿਆ।
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਸਫ਼ਾਈ ਮੁਲਾਜ਼ਮਾਂ ਨੇ ਇਥੇ ਪੰਜਾਬ ਸਰਕਾਰ ਖ਼ਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਮੰਡੀ ਵਾਲੀ ਧਰਮਸ਼ਾਲਾ ਚੌਕ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਦਾ ਪੁਤਲਾ ਫੂਕਿਆ। ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਬੋਬੀ ਨੇ ਕਿਹਾ ਕਿ ਪਿਛਲੇ 34 ਦਿਨਾਂ ਤੋਂ ਲਗਾਤਾਰ ਹੜਤਾਲ ਜਾਰੀ ਹੈ।