ਪੱਤਰ ਪ੍ਰੇਰਕ
ਬਠਿੰਡਾ, 25 ਮਈ
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਸੁਖਦੇਵ ਸਿੰਘ ਸਿੱਧੂ ਵੱਲੋਂ ਰਾਜ ਪੱਧਰ ਦੇ ਕਪਾਹ ਪੱਟੀ ਦੇ ਮੁੱਖ ਖੇਤੀਬਾੜੀ ਅਫਸਰਾਂ, ਜ਼ਿਲ੍ਹਾ ਮੰਡੀ ਅਫਸਰ, ਜਿਨਿੰਗ ਫੈਕਟਰੀ ਦੇ ਮਾਲਕਾਂ ਅਤੇ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਵੀਡੀਓ ਕਾਨਫਰੰਸ ਕੀਤੀ ਗਈ। ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋ ਚਲਾਏ ਜਾ ਰਹੇ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਨਰਮੇ ਦੀ ਫਸਲ ਨੂੰ ਉਤਸ਼ਾਹਿਤ ਕਰਨ ਅਤੇ ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਕਿਸਾਨ ਨਰਮੇ ਦੀ ਵਧੀਆ ਕੁਆਲਿਟੀ ਦੀ ਪੈਦਾਵਾਰ ਕਰਕੇ ਚੰਗੀ ਆਮਦਨ ਪ੍ਰਾਪਤ ਕਰ ਸਕਣ। ਡਾਇਰੈਕਟਰ ਖੇਤੀਬਾੜੀ ਪੰਜਾਬ ਨੇ ਸਮੂਹ ਜਿਨਿੰਗ ਫੈਕਟਰੀ ਦੇ ਮਾਲਕਾਂ ਨੂੰ ਆਦੇਸ਼ ਦਿੱਤੇ ਕਿ ਜਿਨਿੰਗ ਫੈਕਟਰੀਆਂ ਦੀ ਮਕੁੰਮਲ ਸਫਾਈ ਕੀਤੀ ਜਾਵੇੇੇ। ਇਸ ਮੌਕੇ ਡਾ. ਬਹਾਦਰ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਵੱਲੋਂ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹੇ ਅੰਦਰ ਚੱਲ ਰਹੀਆ ਜਿਨਿੰਗ ਫੈਕਟਰੀਆਂ ਵਿੱਚ ਮਕੁੰਮਲ ਸਫਾਈ ਕਰਵਾ ਦਿੱਤੀ ਜਾਵੇਗੀ ਅਤੇ ਇਸ ਦੀ ਰਹਿੰਦ-ਖੂੰਹਦ ਨੂੰ ਨਸ਼ਟ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨੂੰ ਉਚ-ਮਿਆਰੀ ਬੀਜ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਵਿੱਚ 8 ਟੀਮਾਂ ਦਾ ਗਠਿਤ ਕੀਤੀਆਂ ਗਈਆਂ ਹਨ।