ਜੋਗਿੰਦਰ ਸਿੰਘ ਮਾਨ
ਮਾਨਸਾ, 16 ਦਸੰਬਰ
ਪੰਜਾਬ ਵਿੱਚ ਪਹਿਲੀ ਵਾਰ ਪਈ ਸੰਘਣੀ ਧੁੰਦ ਕਾਰਨ ਅੱਜ ਆਮ ਜੀਵਨ ਉਤੇ ਭਾਰੀ ਅਸਰ ਪਿਆ ਹੈ। ਇਸ ਧੁੰਦ ਕਾਰਨ ਰੇਲ ਗੱਡੀਆਂ, ਬੱਸਾਂ ਆਮ ਨਾਲੋਂ ਪਛੜ ਕੇ ਪੁੱਜੀਆਂ, ਜਿਸ ਕਾਰਨ ਸਰਕਾਰੀ ਦਫ਼ਤਰਾਂ, ਕਾਲਜਾਂ, ਸਕੂਲਾਂ ਵਿੱਚ ਸਟਾਫ਼ ਅਤੇ ਵਿਦਿਆਰਥੀਆਂ ਨੂੰ ਲੇਟ ਪਹੁੰਚਣਾ ਪਿਆ। ਧੁੰਦ ਕਾਰਨ ਵਾਹਨਾਂ ਦੀ ਰਫ਼ਤਾਰ ਮੱਠੀ ਹੋ ਗਈ ਤੇ ਲਾਈਟਾਂ ਲਗਾ ਕੇ ਗੱਡੀਆਂ ਨੂੰ ਚਲਾਉਣਾ ਪਿਆ। ਇਸ ਧੁੰਦ ਨੇ ਠੰਢ ਵਿੱਚ ਵਾਧਾ ਕਰਦਿਆਂ ਪਸ਼ੂ-ਪੰਛੀਆਂ ਨੂੰ ਵੀ ਪ੍ਰਭਾਵਤ ਕੀਤਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਪੰਜਾਬ ਦੇ ਮਾਲਵਾ ਖੇਤਰ ਵਿੱਚ ਬਠਿੰਡਾ, ਫਾਜ਼ਿਲਕਾ, ਫਰੀਦਕੋਟ, ਮੋਗਾ, ਫਿਰੋਜ਼ਪੁਰ ਤੇ ਹੋਰ ਜ਼ਿਲ੍ਹਿਆਂ ਵਿੱਚ ਸਵੇਰ ਸਮੇਂ ਸੰਘਣੀ ਧੁੰਦ ਪੈਣ ਕਾਰਨ ਆਮ ਜਨ-ਜੀਵਨ ਭਾਰੀ ਪ੍ਰਭਾਵਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਾਲਵਾ ਖਿੱਤੇ ਵਿੱਚ ਤਕਰੀਬਨ ਸਾਰੀਆਂ ਥਾਵਾਂ ’ਤੇ 1 ਤੋਂ 4 ਡਿਗਰੀ ਸੈਲੀਸੀਅਸ ਘੱਟੋ-ਘੱਟ ਤਾਪਮਾਨ ਥੱਲੇ ਡਿੱਗਿਆ ਰਿਹਾ। ਉਨ੍ਹਾਂ ਕਿਹਾ ਕਿ ਮਾਨਸਾ ਵਿੱਚ ਪਾਰਾ ਆਮ ਨਾਲੋਂ 4 ਡਿਗਰੀ ਹੇਠਾਂ ਰਿਹਾ।
ਉਨ੍ਹਾਂ ਦੱਸਿਆ ਕਿ ਦੋ ਦਿਨਾਂ ਤੋਂ ਪੰਜਾਬ ਦੇ ਤਾਪਮਾਨ ਵਿੱਚ ਗਿਰਾਵਟ ਆ ਰਹੀ ਹੈ ਤੇ ਆਉਣ ਵਾਲੇ ਦੋ ਦਿਨ ਹੋਰ ਤਾਪਮਾਨ ਹੇਠਾਂ ਜਾਣ ਦੀ ਆਸ ਹੈ।
ਸ੍ਰੀ ਮੁਕਤਸਰ ਸਾਹਿਬ (ਨਿਜੀ ਪੱਤਰ ਪ੍ਰੇਰਕ) ਸਰਦੀਆਂ ਦੇ ਪਹਿਲੇ ਦਿਨ ਪਈ ਸ਼ੀਤ ਲਹਿਰ ਨੇ ਆਪਣਾ ਪ੍ਰਕੋਪ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕੜਾਕੇ ਦੀ ਠੰਢ ਕਾਰਨ ਲੋਕਾਂ ਦਾ ਕੰਮ ਕਰਨਾ ਦੁੱਬਰ ਹੋ ਗਿਆ। ਉਸਾਰੀ ਕਾਮੇ ਅਤੇ ਖੇਤ ਮਜ਼ਦੂਰਾਂ ਨੂੰ ਹੋਰ ਵੀ ਭਾਰੀ ਮੁਸੀਬਤ ਬਣ ਗਈ। ਇਸਦੇ ਨਾਲ ਹੀ ਗਹਿਰੀ ਧੁੰਦ ਨੇ ਦੁਪਹਿਰ ਤੱਕ ਸੜਕਾਂ ਉਪਰ ਆਵਾਜਾਈ ਨੂੰ ਕੀੜੀ ਦੀ ਤੋਰ ਤੁਰਣ ਲਈ ਮਜ਼ਬੂਰ ਕਰ ਦਿੱਤਾ। ਠੰਢਾ ਦਾ ਮੁਕਾਬਲਾ ਕਰਨ ਲਈ ਧੂਣੀਆਂ ਤੇ ਹੀਟਰਾਂ ਦਾ ਆਸਰਾ ਲਿਆ ਜਾਣ ਲੱਗ ਪਿਆ ਹੈ।
ਭੁੱਚੋ ਮੰਡੀ (ਪੱਤਰ ਪ੍ਰੇਰਕ) ਇਲਾਕੇ ਵਿੱਚ ਅੱਜ ਸਵੇਰੇ ਸਰਦੀ ਦੀ ਪਹਿਲੀ ਸੰਘਣੀ ਧੁੰਦ ਪਈ। ਸੂਰਜ ਆਪਣੀ ਤਪਸ ਬਖੇਰਨ ਵਿੱਚ ਅਸਫਲ ਰਿਹਾ। ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਜਾ ਰਹੇ ਵਾਹਨਾਂ ਦੀ ਚਾਲ ਕਾਫ਼ੀ ਮੱਠੀ ਰਹੀ। ਧੁੰਦ ਜ਼ਿਆਦਾ ਹੋਣ ਕਾਰਨ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਰਾਹਗੀਰ ਆਪਣੀਆਂ ਮੰਜ਼ਿਲਾਂ ਉੱਤੇ ਕਾਫੀ ਦੇਰੀ ਨਾਲ ਪਹੁੰਚੇ।
ਪੱਖੋ ਕੈਂਚੀਆਂ (ਪੱਤਰ ਪ੍ਰੇਰਕ) ਮੌਸਮ ਬਦਲਣ ਦੇ ਨਾਲ ਹੀ ਸਰਦ ਰੁੱਤ ਨੇ ਵੀ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪੱਖੋ ਕੈਂਚੀਆਂ ਖੇਤਰ ’ਚ ਅੱਜ ਸਰਦ ਰੁੱਤ ਦੀ ਪਹਿਲੀ ਧੁੰਦ ਪਈ। ਇਸ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ। ਸਵੇਰ ਸਮੇਂ ਪਈ ਧੁੰਦ ਨਾਲ ਬੱਸਾਂ, ਕਾਰਾਂ, ਟਰੱਕਾਂ ਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਧੀਮੀ ਚਾਲ ’ਚ ਚੱਲਣਾ ਪਿਆ।
ਸ਼ਹਿਣਾ (ਪੱਤਰ ਪ੍ਰੇਰਕ) ਅੱਜ ਸਰਦ ਰੁੱਤ ਦੀ ਪਹਿਲੀ ਧੁੰਦ ਪਈ, ਧੁੰਦ ਕਾਰਨ ਵਹੀਕਲਾਂ ਵਾਲੇ ਹੌਲੀ ਹੌਲੀ ਚੱਲ ਰਹੇ ਸਨ। ਹਵਾਵਾਂ ਚੱਲਣ ਨਾਲ ਠੰਢ ਵਿੱਚ ਹੋਰ ਵੀ ਵਾਧਾ ਹੋਇਆ ਹੈ।
ਸੂਰਜ ਦੇਵਤਾ ਨੂੰ ਸੰਘਣੀ ਧੁੰਦ ਨੇ ਆਪਣੀ ਬੁੱਕਲ ਵਿੱਚ ਲੁਕੋਇਆ
ਬਠਿੰਡਾ (ਮਨੋਜ ਸ਼ਰਮਾ) ਦਸੰਬਰ ’ਚ ਧੁੰਦ ਪੈਣ ਕਾਰਨ ਅੱਜ ਮਾਲਵਾ ਖੇਤਰ ਵਿੱਚ ਸੂਰਜ ਦੇਵਤਾ ਦੇ ਦਰਸ਼ਨ ਦੁਰਲੱਭ ਹੋਏ ਰਹੇ, ਉਥੇ ਸੜਕਾਂ ’ਤੇ ਚੱਲਣ ਵਾਲੇ ਟ੍ਰੈਫਿਕ ਨੂੰ ਬੱਤੀਆਂ ਜਗਾ ਕੇ ਚੱਲਣ ਲਈ ਮਜਬੂਰ ਹੋਣਾ ਪਿਆ। ਅੱਜ ਸਵੇਰੇ ਸੰਘਣੀ ਧੁੰਦ ਦਾ ਪ੍ਰਕੋਪ ਏਨਾ ਸੀ ਕਿ ਪੇਂਡੂ ਖੇਤਰ ਦੀਆਂ ਸੜਕਾਂ ਤੇ ਵਿਜ਼ੀਬਿਲਟੀ 5 ਤੋਂ 10 ਮੀਟਰ ਤੱਕ ਸੀ ਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਰਿਹਾ। ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਧੁੰਦ ਪੈਣ ਬਾਰੇ ਪੇਸ਼ੀਗਨੋਈ ਕੀਤੀ ਹੋਈ ਸੀ। ਅੱਜ ਦੀ ਹੱਡ ਚੀਰਵੀਂ ਠੰਢ ਨਾਲ ਲੋਕ ਸੜਕਾਂ ’ਤੇ ਧੂਣੀਆਂ ਸੇਕਦੇ ਦੇਖੇ ਗਏ। ਪੀਏਯੂ ਦੇ ਖੇਤਰੀ ਕੈਂਪਸ ਦੀ ਮੌਸਮ ਰਿਪੋਰਟ ਅਨੁਸਾਰ ਅੱਜ ਬਠਿੰਡਾ ਦਾ ਘੱਟ ਤੋਂ ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਧੁੰਦ ਕਾਰਨ ਵਾਪਰੇ ਹਾਦਸੇ ’ਚ ਮੋਟਰਸਾਈਕਲ ਸਵਾਰ ਜ਼ਖ਼ਮੀ
ਭੁੱਚੋ ਮੰਡੀ (ਪੱਤਰ ਪ੍ਰੇਰਕ) ਸੰਘਣੀ ਧੁੰਦ ਕਾਰਨ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਬੈਸਟ ਪ੍ਰਾਈਸ ਮਾਲ ਨਜ਼ਦੀਕ ਇੱਕ ਮੋਟਰਸਾਈਕਲ ਅੱਗੇ ਜਾ ਰਹੀ ਟਰਾਲੀ ਵਿੱਚ ਜਾ ਵੱਜਿਆ। ਜਿਸ ਕਾਰਨ ਮੋਟਰਸਾਈਕਲ ਚਾਲਕ ਲੈਕਚਰਾਰ ਬਲਵੰਤ ਸਿੰਘ ਜੌੜਾ ਵਾਸੀ ਭੁੱਚੋ ਮੰਡੀ ਜ਼ਖ਼ਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਨੇ ਤੁਰੰਤ ਨੇੜਲੇ ਆਦੇਸ਼ ਹਸਪਤਾਲ ਵਿੱਚ ਭਰਤੀ ਕਰਵਾਇਆ। ਜ਼ਖ਼ਮੀ ਦੇ ਚਚੇਰੇ ਭਰਾ ਵੀਰ ਸਿੰਘ ਜੌੜਾ ਨੇ ਦੱਸਿਆ ਕਿ ਬਲਵੰਤ ਸਿੰਘ ਅੱਜ ਸਵੇਰੇ ਆਪਣੇ ਮੋਟਰਸਾਈਕਲ ’ਤੇ ਬਾਬਾ ਫਰੀਦ ਗਰੁੱਪ ਆਫ਼ ਇਸਟੀਚਿਊਸ਼ਨ ਬਠਿੰਡਾ ਵੱਲ ਜਾ ਰਿਹਾ ਸੀ। ਇਸ ਦੌਰਾਨ ਧੁੰਦ ਕਾਰਨ ਹੋਏ ਹਾਦਸੇ ਵਿੱਚ ਉਸ ਦੀ ਲੱਤ, ਬਾਂਹ ਅਤੇ ਮੂੰਹ ਦੀ ਹੱਡੀ ’ਤੇ ਸੱਟ ਲੱਗ ਲਈ ਹੈ। ਉਹ ਜ਼ੇਰੇ ਇਲਾਜ ਹੈ।
ਅਗਲੇ ਪੰਜ ਦਿਨਾਂ ਵਿੱਚ ਠੰਢ ਦਾ ਕਹਿਰ ਵਧਣ ਦੀ ਸੰਭਾਵਨਾ
ਮਾਨਸਾ: ਭਾਵੇਂ ਪੋਹ ਦਾ ਮਹੀਨਾ ਚੜ੍ਹ ਗਿਆ ਹੈ, ਪਰ ਸਾਰਾ ਮੱਘਰ ਸੁੱਕਾ ਰਹਿਣਕਾਰਨ ਹਵਾ ਵਿੱਚ ਨਮੀ ਦੀ ਘਾਟ ਕਾਰਨ ਪੈ ਰਹੀ ਸੁੱਕੀ ਠੰਢ ਨੇ ਫ਼ਸਲਾਂ ਦਾ ਵਾਧਾ ਰੋਕ ਦਿੱਤਾ ਹੈ। ਮੀਂਹ ਨਾ ਪੈਣ ਕਾਰਨ ਸੁੱਕੀ ਠੰਢ ਨੂੰ ਗੰਭੀਰਤਾ ਨਾਲ ਲੈਂਦਿਆ ਖੇਤੀਬਾੜੀ ਮਹਿਕਮੇ ਨੇ ਹਾੜੀ ਦੀਆਂ ਫ਼ਸਲਾਂ ਨੂੰ ਪਹਿਲਾ ਪਾਣੀ ਲਾਉਣ ਦੀ ਸਲਾਹ ਦਿੱਤੀ ਹੈ। ਮੀਂਹ ਨਾ ਪੈਣ ਕਾਰਨ ਬਰਾਨੀ ਖੇਤਾਂ ’ਚ ਖੜ੍ਹੀ ਸਰੋਂ, ਛੋਲੇ ਆਦਿ ਫ਼ਸਲਾਂ ਪਾਣੀ ਦੀ ਘਾਟ ਮਹਿਸੂਸ ਕਰਨ ਲੱਗੀਆਂ ਹਨ। ਸੁੱਕੀ ਠੰਢ ਨੇ ਲੋਕਾਂ ਦਾ ਰੈਣ-ਬਸੇਰਾ ਵੀ ਪ੍ਰਭਾਵਤ ਕੀਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਨੇ ਕਿਹਾ ਕਿ ਇਸ ਵੇਲੇ ਬੇਸ਼ੱਕ ਅਜੇ ਦਿਨ ਵੇਲੇ ਚੰਗੀ ਧੁੱਪ ਨਿਕਲਦੀ ਹੈ, ਜਿਸ ਕਾਰਨ ਕਣਕ ਸਮੇਤ ਹੋਰ ਤੇਲ ਬੀਜ ਤੇ ਫ਼ਲੀਦਾਰ ਸਾਰੀਆਂ ਫ਼ਸਲਾਂ ਨੂੰ ਪਾਣੀ ਦਿੱਤਾ ਜਾ ਸਕਦਾ ਹੈ।