ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 21 ਅਗਸਤ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸੁਆਲ ਕਰਨ ਜਾ ਰਹੇ ਠੇਕਾ ਮੁਲਾਜ਼ਮਾਂ ਦੀ ਕੋਸ਼ਿਸ਼ ਨੂੰ ਪੁਲੀਸ ਨੇ ਸਿਰੇ ਨਾ ਚੜ੍ਹਨ ਦਿੱਤਾ। ਪ੍ਰਸ਼ਾਸਨ ਦੀ ਬੈਰੀਕੇਡਿੰਗ ਢਾਲ ਤੋਂ ਖ਼ਫ਼ਾ ਮੁਜ਼ਾਹਰਾਕਾਰੀਆਂ ਨੇ ਸੜਕੀ ਆਵਾਜਾਈ ਰੋਕ ਕੇ ਰੋਸ ਪ੍ਰਗਟਾਇਆ। ਉਹ ਮੰਗ ਕਰ ਰਹੇ ਸਨ ਕਿ ਸਮੂਹ ਵਿਭਾਗਾਂ ਦੇ ਹਰ ਤਰ੍ਹਾਂ ਦੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ‘ਐਂਪਲਾਈਜ਼ ਵੈੱਲਫ਼ੇਅਰ ਐਕਟ-2016’ ਵਿੱਚੋਂ ਠੇਕਾ ਮੁਲਾਜ਼ਮਾਂ ਦੇ ਬਾਹਰ ਰੱਖੇ ਵਰਗਾਂ ਨੂੰ ਨਵੇਂ ਐਕਟ ਵਿੱਚ ਸ਼ਾਮਲ ਕੀਤਾ ਜਾਵੇ। ਠੇਕਾ ਮੁਲਾਜ਼ਮ ਸੰਘਰਸ਼ ਮੋੋਰਚਾ ਦੇ ਕਾਰਕੁਨ ਆਪਣੇ ਪਰਿਵਾਰਾਂ ਸਮੇਤ ਅੱਜ ਇਥੇ ਪ੍ਰੈੱਸ ਕਲੱਬ ਚੌਕ ਵਿਚ ਇਕੱਠੇ ਹੋਏ। ਵਿੱਤ ਮੰਤਰੀ ਨੂੰ ਸੁਆਲ ਕਰਨ ਲਈ ਨਾਅਰੇ ਮਾਰਦਾ ਕਾਫ਼ਲਾ ਜਦੋਂ ਅਨਾਜ ਮੰਡੀ ਤਰਫ਼ ਵਧਣ ਲੱਗਾ ਤਾਂ ਪੁਲੀਸ ਨੇ ਕੁੱਝ ਕੁ ਦੂਰੀ ’ਤੇ ਹੀ ਸੜਕ ਵਿਚਕਾਰ ਬੱਸਾਂ ਰੋਕ ਕੇ ਬੈਰੀਕੇਡ ਬਣਾ ਲਿਆ। ਦੋਹਾਂ ਧਿਰਾਂ ’ਚ ਤਕਰਾਰ ਤੋਂ ਮਗਰੋਂ ਸੰਘਰਸ਼ਕਾਰੀਆਂ ਨੇ ਬਠਿੰਡਾ-ਆਈਟੀਆਈ ਚੌਕ ਦਰਮਿਆਨ ਦੋਹਰੀ ਸੜਕ ਦਾ ਇਕ ਪਾਸਾ ਧਰਨਾ ਲਾ ਕੇ ਰੋਕ ਦਿੱਤਾ। ਮੁਜ਼ਾਹਰੇ ਦੀ ਅਗਵਾਈ ਕਰ ਰਹੇ ਸੂਬਾਈ ਆਗੂਆਂ ਜਗਰੂਪ ਸਿੰਘ, ਵਰਿੰਦਰ ਸਿੰਘ ਬੀਬੀਵਾਲਾ, ਸੇਵਕ ਸਿੰਘ ਦੰਦੀਵਾਲ ਅਤੇ ਮਲਕੀਤ ਸਿੰਘ ਨੇ ਸੁਆਲ ਕੀਤੇ ਕਿ ਜਦੋਂ ਸਰਕਾਰੀ ਥਰਮਲ, ਪਾਵਰਕੌਮ, ਜਲ ਸਪਲਾਈ ਅਤੇ ਸੈਨੀਟੇਸ਼ਨ, ਪੰਚਾਇਤ ਵਿਭਾਗ, ਵਾਟਰ-ਸਪਲਾਈ ਤੇ ਸੀਵਰੇਜ ਬੋਰਡ, ਕਿਰਤ ਵਿਭਾਗ, ਪਨਬੱਸ ਰੋਡਵੇਜ਼ ਅਤੇ ਪੀਆਰਟੀਸੀ ਵਰਗੇ ਜਨਤਕ ਅਦਾਰੇ ਪੱਕੇ ਹਨ ਤਾਂ ਫਿਰ ਇਨ੍ਹਾਂ ਅਦਾਰਿਆਂ ਵਿੱਚ 15-20 ਸਾਲਾਂ ਤੋਂ ਠੇਕਾ ਪ੍ਰਣਾਲੀ ਰਾਹੀਂ ਕੰਮ ਕਰ ਰਹੇ ਠੇਕਾ ਮੁਲਾਜ਼ਮ ਕੱਚੇ ਕਿਉਂ ਹਨ? ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਠੇਕਾ ਮੁਲਾਜ਼ਮਾਂ ਨੂੰ ਕੈਬਨਿਟ ਦੀ ਪਹਿਲੀ ਮੀਟਿੰਗ ’ਚ ਪੱਕਾ ਕਰਨ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ ਪਰ ਸਾਢੇ ਚਾਰ ਸਾਲਾਂ ’ਚ ਇਕ ਵੀ ਠੇਕਾ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਕੈਬਨਿਟ ਵਜ਼ੀਰਾਂ ਨਾਲ ਮੀਟਿੰਗਾਂ ਦਾ ਲਿਖ਼ਤੀ ਭਰੋਸਾ ਦੇਣ ’ਤੇ ਵੀ ਮੀਟਿੰਗਾਂ ਨਹੀਂ ਕੀਤੀਆਂ ਗਈਆਂ। ਪ੍ਰਦਰਸ਼ਨ ਵਾਲੀ ਥਾਂ ’ਤੇ ਪਹੁੰਚੇ ਤਹਿਸੀਲਦਾਰ ਸੁਖਵੀਰ ਸਿੰਘ ਬਰਾੜ ਨੇ ਮੋਰਚੇ ਦੇ ਸੂਬਾਈ ਆਗੂਆਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਦੇ ਦਫ਼ਤਰ ਨਾਲ ਗੱਲ ਚੱਲ ਰਹੀ ਹੈ ਅਤੇ ਆਉਂਦੇ ਦਿਨਾਂ ਵਿੱਚ ਮੋਰਚੇ ਦੀ ਸਰਕਾਰ ਨਾਲ ਮੀਟਿੰਗ ਕਰਵਾ ਦਿੱਤੀ ਜਾਵੇਗੀ।