ਮਨੋਜ ਸ਼ਰਮਾ
ਬਠਿੰਡਾ, 29 ਨਵੰਬਰ
ਪਹਾੜਾਂ ਵਿੱਚ ਹੋਈ ਬਰਫ਼ਬਾਰੀ ਕਾਰਨ ਪੰਜਾਬ ਵਿਚ ਠੰਢ ਨੇ ਜ਼ੋਰ ਫੜ ਲਿਆ ਹੈ। ਬਠਿੰਡਾ ਵਿਚ ਠੰਢ ਕਾਰਨ 3 ਮੌਤਾਂ ਹੋ ਚੁੱਕੀਆਂ ਹਨ। ਸਮਾਜ ਸੇਵੀ ਸੰਸਥਾ ਸਹਾਰਾ ਵੈੱਲਫੇਅਰ ਨੇ ਸੜਕਾਂ ’ਤੇ ਗ਼ੁਰਬਤ ਦੀ ਜ਼ਿੰਦਗੀ ਗੁਜ਼ਾਰ ਰਹੇ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ 20 ਦੇ ਕਰੀਬ ਬਸੇਰੇ ਬਣਾਏ ਹਨ। ਸਮਾਜ ਸੇਵੀ ਸੰਸਥਾਵਾਂ ਵੱਲੋਂ ਸੜਕਾਂ ਦੇ ਕੰਢੇ ਸੌਣ ਵਾਲਿਆਂ ਨੂੰ ਕੰਬਲ ਵੰਡੇ ਜਾ ਰਹੇ ਹਨ। ਅੱਜ ਸਵੇਰ ਤੋਂ ਬਠਿੰਡਾ ਵਿੱਚ ਧੁੰਦ ਛਾਈ ਰਹੀ, ਬਾਅਦ ਦੁਪਹਿਰ ਸੂਰਜ ਦੇਵਤਾ ਨੇ ਕੁੱਝ ਸਮੇਂ ਲਈ ਦਰਸ਼ਨ ਦਿੱਤੇ, ਪਰ ਹਵਾਵਾਂ ਚੱਲਣ ਕਾਰਨ ਬਠਿੰਡਾ ਵਿੱਚ ਘੱਟ ਤੋਂ ਘੱਟ ਤਾਪਮਾਨ 2.2 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 10.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਿੰਡਾਂ ਵਿਚ ਲੋਕ ਧੂਣੀਆਂ ਸੇਕਦੇ ਨਜ਼ਰ ਆਏ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਠੰਢ ਤੋਂ ਬਚਣ ਤੋਂ ਇਲਾਵਾ ਪਸ਼ੂਆਂ, ਫ਼ਸਲਾਂ ਅਤੇ ਹੋਰਨਾਂ ਵਸਤਾਂ ਦੀ ਸਾਂਭ-ਸੰਭਾਲ ਦੇ ਲੋੜੀਂਦੇ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ। ਉੱਧਰ ਡਾਕਟਰਾਂ ਦੀ ਟੀਮ ਨੇ ਸਰਦੀ ਦੇ ਮੌਸਮ ਨੂੰ ਦੇਖਦਿਆਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਹੈ।
ਹਿਮਾਚਲ ਦੇ ਪਹਾੜੀ ਇਲਾਕਿਆਂ ਵਿੱਚ ਹੋਈ ਬਰਫਬਾਰੀ ਤੇ ਹਵਾਵਾਂ ਚੱਲਣ ਕਾਰਨ ਠੰਢ ਨੇ ਪ੍ਰਚੰਡ ਰੂਪ ਧਾਰ ਲਿਆ ਹੈ। ਸ਼ਿਮਲਾ ਵਿੱਚ ਤਾਪਮਾਨ 1.6 ਡਿਗਰੀ ਸੈਲਸੀਅਸ ਜਦੋਂ ਕਿ ਡਲਹੌਲੀ, ਮਨਾਲੀ ਅਤੇ ਕੁਫਰੀ ਵਿੱਚ ਪਾਰਾ ਮਨਫ਼ੀ 2.9 ਡਿਗਰੀ ਸੈਲਸੀਅਸ ਤਕ ਡਿੱਗ ਗਿਆ ਹੈ। ਮੌਸਮ ਵਿਭਾਗ ਨੇ ਨਵੇਂ ਸਾਲ ਤਕ ਪਾਰਾ ਹੋਰ ਡਿੱਗਣ ਦੀ ਪੇਸ਼ੀਨਗੋਈ ਕੀਤੀ ਹੈ।
ਭੁੱਚੋ ਮੰਡੀ (ਪਵਨ ਗੋਇਲ): ਇਥੇ ਅੱਜ ਸਵੇਰੇ ਪਈ ਸੰਘਣੀ ਧੁੰਦ ਅਤੇ ਚੱਲ ਰਹੀ ਸੀਤ ਲਹਿਰ ਨੇ ਇਲਾਕੇ ਵਿੱਚ ਕਾਂਬਾ ਛੇੜ ਦਿੱਤਾ ਹੈ। ਜ਼ਿਆਦਾਤਰ ਲੋਕ ਠੰਢ ਤੋਂ ਬਚਣ ਲਈ ਆਪਣੇ ਘਰਾਂ ਵਿੱਚ ਹੀ ਦੁਬਕੇ ਰਹੇ। ਦੁਕਾਨਦਾਰਾਂ ਨੇ ਅੱਗ ਬਾਲ ਕੇ ਠੰਢ ਤੋਂ ਬਚਣ ਦਾ ਯਤਨ ਕੀਤਾ। ਇਲਾਕੇ ਵਿੱਚ ਸੀਤ ਲਹਿਰ ਕਈ ਦਿਨਾਂ ਤੋਂ ਚੱਲਣ ਕਾਰਨ ਠੰਢ ਦਾ ਪ੍ਰਕੋਪ ਕਾਫੀ ਵਧ ਗਿਆ ਹੈ। ਧੁੰਦ ਕਾਰਨ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਵਾਹਨ ਕੀੜੀ ਦੀ ਚਾਲ ਚੱਲ ਰਹੇ ਸਨ। ਧੁੰਦ ਕਾਰਨ ਦਿਖਣ ਹੱਦ ਵੀ ਪ੍ਰਭਾਵਿਤ ਹੋਈ ਹੈ। ਧੁੰਦ ਕਾਰਨ ਦੁਪੱਹੀਆ ਵਾਹਨ ਚਾਲਕ ਜ਼ਿਆਦਾ ਪ੍ਰੇਸ਼ਾਨ ਹੋਏ। ਦੁਪਹਿਰ ਸਮੇਂ ਡੇਢ ਕੁ ਘੰਟਾ ਧੁੱਪ ਜ਼ਰੂਰ ਨਿਕਲੀ, ਪਰ ਠੰਢ ਦੇ ਜ਼ੋਰ ਅੱਗੇ ਧੁੱਪ ਬੇਅਸਰ ਰਹੀ।