ਪੱਤਰ ਪ੍ਰੇਰਕ
ਬਠਿੰਡਾ, 27 ਅਪਰੈਲ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਕਲਾਂ ਦੇ ਵੱਖ-ਵੱਖ ਖਾਤਿਆਂ ਵਿੱਚੋਂ ਸਾਲ 2020 ਤੋਂ 2021 ਤੱਕ ਚੈੱਕ ਲਾ ਕੇ ਲੱਖਾਂ ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਦੀ ਲੈਕਚਰਾਰ ਗੁਰਪ੍ਰੀਤ ਕੌਰ ਵੱਲੋਂ ਇਸ ਘਪਲੇ ਬਾਰੇ ਜਾਣਕਾਰੀ ਸਕੂਲ ਸਟਾਫ ਦੇ ਸੋਸ਼ਲ ਮੀਡੀਆ ਗਰੁੱਪ ਵਿੱਚ ਸਾਂਝੀ ਕੀਤੀ ਗਈ ਸੀ। ਇਹ ਮਾਮਲਾ ਹੁਣ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਸਣੇ ਸਕੂਲ ਸਿੱਖਿਆ ਵਿਭਾਗ ਤਕ ਪੁੱਜ ਗਿਆ ਹੈ।
ਇਸ ਸਬੰਧੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਨੀਲਮਜੀਤ ਕੌਰ ਕੋਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਨੜਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਕਲਾਂ ਦਾ ਚਾਰਜ ਸੀ। ਤਿੰਨ ਦਿਨ ਪ੍ਰਿੰਸੀਪਲ ਬੇਨੜਾ (ਸੰਗਰੂਰ) ਸਕੂਲ ਜਾਂਦੇ ਸਨ। ਇਹ ਤਿੰਨ ਦਿਨ ਗੁਰਪ੍ਰੀਤ ਕੌਰ ਇੰਚਾਰਜ ਦੀ ਡਿਊਟੀ ਨਿਭਾਉਂਦੇ ਸਨ। ਗੁਰਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਵੇਲੇ ਸ਼ੱਕ ਹੋਇਆ ਜਦੋਂ ਈ ਪੰਜਾਬ ਪੋਰਟਲ ’ਤੇ ਉਨ੍ਹਾਂ ਦਾ ਨਾਂ ਦਿੱਤਾ ਹੋਇਆ ਸੀ ਪਰ ਉਨ੍ਹਾਂ ਨੂੰ ਓਟੀਪੀ ਨਾ ਆਉਣ ਦੇ ਬਾਵਜੂਦ ਖਾਤਾ ਅਪਡੇਟ ਦਿਖਾਇਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਸ਼ੱਕ ਦੂਰ ਕਰਨ ਲਈ ਜਦੋਂ ਬੈਂਕ ਵਿਚ ਸਕੂਲ ਖਾਤੇ ਦੀ ਸਟੇਟਮੈਂਟ ਲਈ ਤਾਂ ਪਤਾ ਲੱਗਾ ਕਿ ਸਕੂਲ ਖਾਤੇ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਕੂਲ ਦੇ ਕਾਰਜਾਂ ਲਈ ਦਿੱਤੀ ਰਕਮ ਗਾਇਬ ਸੀ। ਉਨ੍ਹਾਂ ਜਦੋਂ ਸਕੂਲ ਮੈਨੇਜਮੈਂਟ ਕਮੇਟੀ ਕੋਲ ਮਾਮਲਾ ਉਠਾਇਆ ਪਰ ਗੱਲ ਨਾ ਬਣੀ। ਗੁਰਪ੍ਰੀਤ ਨੇ ਨੀਲਮਜੀਤ ’ਤੇ ਦੋਸ਼ ਲਾਏ ਕਿ ਇਸ ਖੁੰਦਕ ਦੇ ਚਲਦਿਆਂ ਉਸ ਦੀ ਏਸੀਆਰ ਵੀ ਨਹੀਂ ਭੇਜੀ ਗਈ ਜਿਸ ਕਾਰਨ ਉਸ ਦਾ ਛੇਵਾਂ ਪੇਅ ਕਮਿਸ਼ਨ ਨਹੀਂ ਲੱਗਿਆ।
ਇਸ ਸਬੰਧੀ ਪ੍ਰਿੰਸੀਪਲ ਨੀਲਮਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਗੁਰਪ੍ਰੀਤ ਕੌਰ ਨਾਲ ਕੋਈ ਰੌਲਾ ਨਹੀਂ। ਗੁਰਪ੍ਰੀਤ ਵੱਲੋਂ ਉਨ੍ਹਾਂ ਕੋਲ ਸਰਵਿਸ ਬੁੱਕ ਜਮ੍ਹਾਂ ਨਾ ਕਰਵਾਉਣ ਕਾਰਨ ਛੇਵਾਂ ਪੇਅ ਕਮਿਸ਼ਨ ਨਹੀਂ ਲੱਗ ਸਕਿਆ। ਪੈਸੇ ਕਢਵਾਉਣ ਵਾਲੇ ਮਾਮਲੇ ’ਚ ਉਨ੍ਹਾਂ ਸਕੂਲ ਦੇ ਕਲਰਕ ਨਵਨੀਤ ਕੁਮਾਰ ਨੂੰ ਜ਼ਿੰਮੇਵਾਰ ਮੰਨਿਆ। ਉਨ੍ਹਾਂ ਕਿਹਾ ਕਿ ਪੈਸੇ ਜਮ੍ਹਾਂ ਕਰਵਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਲਰਕ ਵੱਲੋਂ ਪਹਿਲਾਂ ਹੀ ਚੈੱਕ ’ਤੇ ਸਾਈਨ ਕਰਵਾ ਲਏ ਜਾਂਦੇ ਸਨ।
ਸਕੂਲ ਕਮੇਟੀ ਦੇ ਚੇਅਰਮੈਨ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਬਿਨਾਂ ਗੱਲ ਤੋਂ ਸਕੂਲ ਨੂੰ ਬਦਨਾਮ ਨਾ ਕੀਤਾ ਜਾਵੇ ਪਰ ਦੋਸ਼ੀ ਖ਼ਿਲਾਫ਼ ਕਾਰਵਾਈ ਹੋਵੇ। ਉਨ੍ਹਾਂ ਕਿਹਾ ਕਿ ਉਹ ਸਕੂਲ ਦੀ ਭਲਾਈ ਲਈ ਉਹ ਮੈਡਮ ਦੇ ਕਹਿਣ ’ਤੇ ਚੈੱਕਾਂ ਦੇ ਸਾਈਨ ਕਰਦੇ ਰਹੇ। ਇਸ ਸਬੰਧੀ ਪੱਖ ਜਾਣਨ ਲਈ ਸਕੂਲ ਦੇ ਕਲਰਕ ਨਾਲ ਸੰਪਰਕ ਨਹੀਂ ਹੋ ਸਕਿਆ।
ਇਸ ਸਬੰਧੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।